
ਆਕਸਫ਼ੋਰਡ, 31 ਮਾਰਚ (ਨਿਊਜ਼ ਟਾਊਨ ਨੈਟਵਰਕ) : ਵਾਤਾਵਰਣੀ ਗਰਮੀ ਸਿਰਫ਼ ਮੌਸਮੀ ਚੁਣੌਤੀ ਨਹੀਂ ਸਗੋਂ ਮਨੁੱਖੀ ਵਸੋਂ ਦੇ ਸੰਤੁਲਨ ਲਈ ਵੀ ਵੱਡਾ ਖ਼ਤਰਾ ਬਣ ਰਹੀ ਹੈ। ਇਕ ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਗਰਭ ਅਵਸਥਾ ਦੌਰਾਨ ਵੱਧ ਤਾਪਮਾਨ ਦੇ ਸੰਪਰਕ ਨਾਲ ਮੁੰਡਿਆਂ ਦੇ ਜਨਮ ਵਿੱਚ ਕਮੀ ਆ ਸਕਦੀ ਹੈ। ਇਹ ਪ੍ਰਗਟਾਵਾ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਕੀਤੇ ਵਿਸ਼ਲੇਸ਼ਣ ਵਿਚ ਸਾਹਮਣੇ ਆਇਆ ਹੈ। ਅਧਿਐਨ ਵਿੱਚ ਭਾਰਤ ਅਤੇ ਸਬ-ਸਹਾਰਾ ਅਫ਼ਰੀਕਾ ਦੇ 50 ਲੱਖ ਜਨਮਾਂ ਦੇ ਅੰਕੜਿਆਂ ਨੂੰ ਤਾਪਮਾਨ ਰਿਕਾਰਡ ਨਾਲ ਜੋੜ ਕੇ ਖੰਗਾਲਿਆ ਗਿਆ। ਭਾਰਤ ਵਿਚ ਦੂਜੀ ਤਿਮਾਹੀ ਦੌਰਾਨ ਵੱਧ ਤਾਪਮਾਨ ਨਾਲ ਮੁੰਡਿਆਂ ਦੇ ਜਨਮ ਘੱਟ ਹੋਣ ਦੇ ਸਬੂਤ ਮਿਲੇ ਹਨ, ਖ਼ਾਸ ਕਰਕੇ ਉੱਤਰੀ ਸੂਬਿਆਂ ਵਿਚ ਵੱਡੀ ਉਮਰ ਦੀਆਂ ਮਾਵਾਂ ਅਤੇ ਉਹ ਪਰਿਵਾਰ ਜਿਨ੍ਹਾਂ ਕੋਲ ਪਹਿਲਾਂ ਪੁੱਤਰ ਨਹੀਂ। ਖੋਜ ਦੇ ਮੁੱਖ ਲੇਖਕ ਅਬਦੈਲ ਗਨੀ ਨੇ ਕਿਹਾ, “ਅਤਿ ਗਰਮੀ ਸਿਰਫ਼ ਸਿਹਤ ਲਈ ਖ਼ਤਰਾ ਨਹੀਂ, ਇਹ ਮਨੁੱਖੀ ਪ੍ਰਜਣਨ ਨੂੰ ਵੀ ਪ੍ਰਭਾਵਿਤ ਕਰਦੀ ਹੈ। ਤਾਪਮਾਨ ਇਹ ਨਿਰਧਾਰਤ ਕਰਦਾ ਹੈ ਕਿ ਕੌਣ ਜਨਮ ਲੈਂਦਾ ਹੈ ਅਤੇ ਕੌਣ ਨਹੀਂ।” ਉਨ੍ਹਾਂ ਨੇ ਕਿਹਾ, “ਸਾਡੇ ਨਤੀਜੇ ਦਰਸਾਉਂਦੇ ਹਨ ਕਿ ਤਾਪਮਾਨ ਭਰੂਣ ਦੀ ਜ਼ਿੰਦਗੀ ਅਤੇ ਪਰਿਵਾਰਕ ਯੋਜਨਾਬੰਦੀ 'ਤੇ ਸਿੱਧਾ ਅਸਰ ਪਾਂਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਵਾਤਾਵਰਣ ਕਿਵੇਂ ਸਮਾਜਾਂ ਨੂੰ ਬਦਲਦਾ ਹੈ।” ਇਹ ਖੋਜ ਪੀ.ਐਨ.ਏ.ਐਸ. ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵੱਧ ਰਹੀ ਗਰਮੀ ਨਾਲ ਲਿੰਗ ਅਨੁਪਾਤ, ਮਾਤਾ-ਭਰੂਣ ਸਿਹਤ ਅਤੇ ਸਮਾਜਿਕ ਰੁਝਾਨਾਂ 'ਤੇ ਗੰਭੀਰ ਅਸਰ ਪੈ ਸਕਦੇ ਹਨ।
——————————
This news is auto published from an agency/source and may be published as received.
