ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਜ਼ਿਲ੍ਹੇ ਦੇ 978 ਬੱਚਿਆਂ ਨੂੰ ਮਿਲ ਰਿਹਾ ਮਿਸ਼ਨ ਵਾਤਸਲਯਾ ਸਕੀਮ ਦਾ ਲਾਭ: ਬਾਲ ਸੁਰੱਖਿਆ ਅਫਸਰ ਮਿਸ਼ਨ ਵਾਤਸਲਯਾ ਸਪਾਂਸਰਸ਼ਿਪ ਸਕੀਮ ਲਈ ਕੋਈ ਫੀਸ ਨਹੀਂ, ਲੋਕ ਠੱਗਾਂ ਤੋਂ ਰਹਿਣ ਸਾਵਧਾਨ: ਮਹਿਮੀ
ਫਤਹਿਗੜ੍ਹ ਸਾਹਿਬ, 17 ਮਾਰਚ
ਆਰਥਿਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਮਿਸ਼ਨ ਵਾਤਸਲਯਾ ਸਪਾਂਸਰਸ਼ਿਪ ਸਕੀਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜਿਹੜੇ ਬੱਚਿਆਂ ਦੇ ਪਰਿਵਾਰ ਵਿੱਚ ਕਮਾਉਣ ਵਾਲੇ ਮੈਂਬਰ ਦੀ ਮੌਤ ਹੋ ਚੁੱਕੀ ਹੈ, ਬੱਚੇ ਅਨਾਥ ਹਨ, ਦਾਦਾ–ਦਾਦੀ ਨਾਲ ਰਹਿ ਰਹੇ ਹਨ, ਜਾਂ ਐਚਆਈਵੀ ਨਾਲ ਪੀੜਤ ਹਨ, ਉਹ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਇਸ ਸਕੀਮ ਲਈ ਸ਼ਹਿਰੀ ਇਲਾਕਿਆਂ ਵਿੱਚ ਪਰਿਵਾਰ ਦੀ ਸਾਲਾਨਾ ਆਮਦਨ ₹96,000 ਤੋਂ ਘੱਟ ਅਤੇ ਪੇਂਡੂ ਇਲਾਕਿਆਂ ਵਿੱਚ ₹72,000 ਤੋਂ ਘੱਟ ਹੋਣੀ ਲਾਜ਼ਮੀ ਹੈ। ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ 978 ਯੋਗ ਬੱਚਿਆਂ ਨੂੰ ਪ੍ਰਤੀ ਮਹੀਨਾ ₹4000 ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੂਰੇ ਪੰਜਾਬ ਵਿੱਚ ਯੋਗ ਲਾਭਪਾਤਰੀ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਇਸ ਸਕੀਮ ਲਈ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀਂ ਲੱਗਦੀ। ਜੇ ਕੋਈ ਵਿਅਕਤੀ ਆਪਣੇ ਆਪ ਨੂੰ ਵਿਭਾਗ ਨਾਲ ਜੁੜਿਆ ਹੋਇਆ ਦੱਸ ਕੇ ਜਾਂ ਇਨਕੁਇਰੀ ਕਰਨ ਦੇ ਨਾਂ ‘ਤੇ ਪੈਸੇ ਮੰਗਦਾ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਰਕਮ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੁਝ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੁਝ ਅਣਪਛਾਤੇ ਵਿਅਕਤੀ ਆਮ ਲੋਕਾਂ ਤੋਂ ਇਸ ਸਕੀਮ ਦੇ ਫਾਰਮ ਭਰਨ ਦੇ ਨਾਂ ‘ਤੇ ₹1000 ਤੋਂ ₹2000 ਤੱਕ ਦੀ ਰਕਮ ਮੰਗ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਇਸ ਦੀ ਤੁਰੰਤ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਨੂੰ ਜਾਂ 1098 ਚਾਈਲਡ ਹੈਲਪ ਲਾਈਨ ਤੇ ਕਾਲ ਕਰਕੇ ਦਿੱਤੀ ਜਾਵੇ।
——————————
This news is auto published from an agency/source and may be published as received.
