
ਪੰਜਾਬ ਦੇ ਆੜ੍ਹਤੀਆਂ ਨੇ ਮੱਖੂ ਰੈਲੀ 'ਚ ਦਿੱਤਾ ਏਕਤਾ ਦਾ ਸਬੂਤ – ਸਿੰਗਲਾ, ਭੱਟਮਾਜਰਾ
ਮੰਗ ਨਾ ਪੂਰੀ ਹੋਈ ਤਾਂ 1 ਅਪ੍ਰੈਲ ਤੋਂ ਦੁਕਾਨਾਂ ਬੰਦ ਰੱਖਣਗੇ ਆੜਤੀ : ਸਿੰਗਲਾ, ਭੱਟਮਾਜਰਾ
ਬਸੀ ਪਠਾਣਾਂ, ਫੈੱਡਰਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਦੀ ਬਸੀ ਪਠਾਣਾਂ- ਨੰਦਪੁਰ ਕਲੌੜ ਦੀ ਇਕਾਈ ਦਾ ਆੜਤੀਆਂ ਦਾ ਜੱਥਾ ਅੱਜ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਦੀ ਅਗਵਾਈ ਹੇਠ ਮੱਖੂ ਮੰਡੀ, ਜਿਲਾ ਤਰਨ ਤਾਰਨ ਵਿਖੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਰੱਖੀ ਰੋਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਰਜੇਸ਼ ਸਿੰਗਲਾ ਨੇ ਦੱਸਿਆ ਕਿ ਇਸ ਰੋਸ ਰੈਲੀ ਦਾ ਉਦੇਸ਼ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਆੜਤੀਆਂ ਨਾਲ ਕੀਤੇ ਵਾਅਦੇ ਯਾਦ ਦਿਵਾਉਣਾ ਸੀ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਿਜੇ ਕਾਲੜਾ ਦੀ ਅਗਵਾਈ ਵਾਲੇ ਵਫਦ ਨਾਲ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਨੇ ਆੜਤੀਆਂ ਦਾ ਘਟਾਇਆ ਕਮਿਸ਼ਨ ਮੁੜ ਤੋਂ ਢਾਈ ਫੀਸਦ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆੜਤੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਕੇਂਦਰ ਸਰਕਾਰ ਵਾਅਦਾ ਪੂਰਾ ਨਹੀਂ ਕਰਦੀ ਤਾਂ ਉਹ ਪੰਜਾਬ ਸਰਕਾਰ ਵੱਲੋਂ ਘੱਟ ਕੀਤਾ ਕਮਿਸ਼ਨ ਪੂਰਾ ਕਰਕੇ ਆੜਤੀਆਂ ਨੂੰ ਢਾਈ ਫੀਸਦ ਕਮਿਸ਼ਨ ਮਿਲਣਾ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਕਈ ਵਾਰ ਦੋਨੋਂ ਸਰਕਾਰਾਂ ਨੂੰ ਅਪੀਲ ਕਰਨ ਦੇ ਬਾਵਜੂਦ ਆੜਤੀਆਂ ਨਾਲ ਕੀਤਾ ਵਾਅਦਾ ਨਿਭਾਇਆ ਨਹੀਂ ਗਿਆ। ਜਿਸ ਨਾਲ ਸਮੂਹ ਆੜਤੀ ਰੋਸ ਵਿੱਚ ਹਨ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਅੱਜ ਦੀ ਰੋਸ ਰੈਲੀ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਜੇਕਰ 31 ਮਾਰਚ ਤੱਕ ਆੜਤੀਆਂ ਦਾ ਕਮਿਸ਼ਨ ਢਾਈ ਫੀਸਦ ਨਾ ਕੀਤਾ ਗਿਆ ਤਾਂ ਸਮੂਹ ਆੜਤੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦੀ ਤਿੱਖਾ ਕਰਨ ਲਈ ਮਜਬੂਰ ਹੋਣਗੇ। ਉਹਨਾਂ 1 ਅਪ੍ਰੈਲ ਤੋਂ ਪੰਜਾਬ ਦੇ ਸਮੂਹ ਆੜਤੀਆਂ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਵੀ ਕੀਤਾ। ਇਸ ਮੌਕੇ ਜਥੇ ਵਿੱਚ ਤਰਸੇਮ ਚੰਦ, ਨਿਰਮਲ ਸਿੰਘ, ਅੰਮ੍ਰਿਤ ਪਾਲ ਸਿੰਘ, ਬਲਜੀਤ ਸਿੰਘ, ਸਤਿੰਦਰ ਸਿੰਘ, ਹਰਵਿੰਦਰ ਸਿੰਘ ਧਾਲੀਵਾਲ, ਸੁਭਾਂਸ਼ੂ ਜਿੰਦਲ, ਰਜੀਵ ਸਿੰਗਲਾ, ਗੌਰਵ ਗੁਪਤਾ ਅਤੇ ਹੋਰ ਆੜਤੀ ਆਗੂ ਹਾਜਰ ਸਨ।
——————————
This news is auto published from an agency/source and may be published as received.
