
ਚੰਡੀਗੜ੍ਹ, ਰੂਪ ਨਰੇਸ਼:
ਸੰਤ ਨਿਰੰਕਾਰੀ ਮੰਡਲ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਦਿਵਿਆ ਮਾਰਗਦਰਸ਼ਨ ਹੇਠ 26ਵੇਂ ਬਾਬਾ ਗੁਰਬਚਨ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦਾ ਸ਼ੁਭਾਰੰਭ ਅੱਜ ਸੰਤ ਨਿਰੰਕਾਰੀ ਅਧਿਆਤਮਿਕ ਸਥਲ , ਸਮਾਲਖਾ (ਹਰਿਆਣਾ) ਵਿੱਚ ਭਾਵਪੂਰਣ ਅਤੇ ਅਨੁਸ਼ਾਸਿਤ ਮਾਹੌਲ ਵਿੱਚ ਹੋਇਆ। ਇਹ ਟੂਰਨਾਮੈਂਟ ਸਿਰਫ਼ ਖੇਡ ਮੁਕਾਬਲਾ ਨਹੀਂ, ਸਗੋਂ ਆਧਿਆਤਮਿਕਤਾ, ਮਨੁੱਖਤਾ ਅਤੇ ਏਕਤਾ ਦਾ ਪ੍ਰਤੀਕ ਬਣ ਕੇ ਉਭਰ ਰਿਹਾ ਹੈ। 26 ਫਰਵਰੀ ਤੋਂ 10 ਮਾਰਚ 2026 ਤੱਕ ਚੱਲਣ ਵਾਲੇ ਇਸ ਪ੍ਰਤਿਸ਼ਠਿਤ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਚੁਣੀਆਂ 24 ਟੀਮਾਂ ਭਾਗ ਲੈ ਰਹੀਆਂ ਹਨ। ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਜੰਮੂ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਓਡੀਸ਼ਾ, ਗੁਜਰਾਤ ਅਤੇ ਦਿੱਲੀ ਐਨ.ਸੀ.ਆਰ. ਸਮੇਤ ਕਈ ਖੇਤਰਾਂ ਦੇ ਨੌਜਵਾਨ ਖਿਡਾਰੀ ਖੇਡ ਰਾਹੀਂ ਅਨੁਸ਼ਾਸਨ, ਸਹਿਨਸ਼ੀਲਤਾ ਅਤੇ ਭਰਾਤ੍ਰਭਾਵ ਦਾ ਸੰਦੇਸ਼ ਦੇ ਰਹੇ ਹਨ।
ਟੂਰਨਾਮੈਂਟ ਦਾ ਸੰਚਾਲਨ ਮੰਡਲ ਦੇ ਸਕੱਤਰ ਸ੍ਰੀ ਜੋਗਿੰਦਰ ਸੁਖੀਜਾ ਦੇ ਨੇਤ੍ਰਿਤਵ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿੱਚ ਇਸ ਪ੍ਰਤੀ ਵੱਡਾ ਉਤਸ਼ਾਹ ਹੈ ਅਤੇ ਇਹ ਆਯੋਜਨ ਖੇਡ ਪ੍ਰਤਿਭਾ ਨਾਲ ਨਾਲ ਆਤਮਿਕ ਚੇਤਨਾ ਨੂੰ ਵੀ ਮਜ਼ਬੂਤ ਕਰਦਾ ਹੈ।
ਇਸ ਟੂਰਨਾਮੈਂਟ ਦੀ ਨੀਂਹ ਬਾਬਾ ਹਰਦੇਵ ਸਿੰਘ ਵੱਲੋਂ ਬਾਬਾ ਗੁਰਬਚਨ ਸਿੰਘ ਦੀ ਪਵਿੱਤਰ ਯਾਦ ਵਿੱਚ ਰੱਖੀ ਗਈ ਸੀ। ਬਾਬਾ ਗੁਰਬਚਨ ਸਿੰਘ ਜੀ ਦਾ ਵਿਸ਼ਵਾਸ ਸੀ ਕਿ ਖੇਡਾਂ ਰਾਹੀਂ ਨੌਜਵਾਨੀ ਨੂੰ ਸੰਯਮ ਅਤੇ ਸੇਵਾ ਦੇ ਰਾਹ ’ਤੇ ਅੱਗੇ ਵਧਾਇਆ ਜਾ ਸਕਦਾ ਹੈ।

ਮੰਡਲ ਦੀ ਪ੍ਰਧਾਨ ਸ੍ਰੀਮਤੀ ਰਾਜਕੁਮਾਰੀ ਜੀ ਅਤੇ ਕੇਂਦਰੀ ਯੋਜਨਾ ਤੇ ਸਲਾਹਕਾਰ ਬੋਰਡ ਦੇ ਉਪ-ਚੇਅਰਮੈਨ ਸ੍ਰੀ ਨਰਿੰਦਰ ਸਿੰਘ ਜੀ ਦੀ ਵਿਸ਼ੇਸ਼ ਹਾਜ਼ਰੀ ਨੇ ਸਮਾਰੋਹ ਦੀ ਸ਼ੋਭਾ ਵਧਾਈ। ਇਸ ਮੌਕੇ ਸ੍ਰੀਮਤੀ ਰਾਜਕੁਮਾਰੀ ਨੇ ਕਿਹਾ ਕਿ ਸਾਲ 2000 ਵਿੱਚ ਲੁਧਿਆਣਾ ਤੋਂ ਸ਼ੁਰੂ ਹੋਇਆ ਇਹ ਟੂਰਨਾਮੈਂਟ ਅੱਜ ਵੀ ਉਸੇ ਆਦਰਸ਼ ਨਾਲ ਜੁੜਿਆ ਹੈ — “ਤੰਦਰੁਸਤ ਸਰੀਰ ਵਿੱਚ ਹੀ ਭਗਤੀ ਵੱਸਦੀ ਹੈ।” ਖੇਡ ਸਾਨੂੰ ਜਿੱਤ-ਹਾਰ ਤੋਂ ਉੱਪਰ ਉਠ ਕੇ ਪ੍ਰੇਮ, ਨਿਮਰਤਾ ਅਤੇ ਭਾਈਚਾਰੇ ਦੀ ਸਿੱਖਿਆ ਦਿੰਦੀ ਹੈ। ਖਿਡਾਰੀਆਂ ਅਤੇ ਦਰਸ਼ਕਾਂ ਦੀ ਸੁਵਿਧਾ ਲਈ ਰਹਾਇਸ਼, ਚਿਕਿਤਸਾ ਸੇਵਾਵਾਂ, ਸੁਰੱਖਿਆ ਅਤੇ ਹੋਰ ਪ੍ਰਬੰਧ ਸੁਚਾਰੂ ਢੰਗ ਨਾਲ ਕੀਤੇ ਗਏ ਹਨ। ਹਰ ਸ਼ਾਮ ਸਤਿਸੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ, ਜੋ ਨੌਜਵਾਨਾਂ ਨੂੰ ਆਤਮਿਕ ਸ਼ਾਂਤੀ ਅਤੇ ਸਕਾਰਾਤਮਕ ਜੀਵਨ ਦਿਸ਼ਾ ਪ੍ਰਦਾਨ ਕਰਨਗੇ। ਨਿਸ਼ਚਿਤ ਤੌਰ ’ਤੇ ਇਹ ਟੂਰਨਾਮੈਂਟ ਖੇਡ ਭਾਵਨਾ ਨਾਲ ਨਾਲ ਮਨੁੱਖੀ ਏਕਤਾ ਅਤੇ ਆਤਮਿਕ ਮੁੱਲਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਸਾਬਤ ਹੋ ਰਿਹਾ ਹੈ।
——————————
This news is auto published from an agency/source and may be published as received.
