
ਸੜਕ ਸੁਰੱਖਿਆ ਮਹੀਨੇ ਤਹਿਤ ਸਰਹਿੰਦ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ
ਏਆਰਟੀਓ ਮਨਿੰਦਰ ਸਿੰਘ ਨੇ ਟਰੱਕ ਚਾਲਕਾਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਾਇਆ
ਫਤਹਿਗੜ੍ਹ ਸਾਹਿਬ, 17 ਜਨਵਰੀ:
ਪਹਿਲੀ ਜਨਵਰੀ ਤੋਂ ਆਰੰਭ ਹੋਏ ਸੜਕ ਸੁਰੱਖਿਆ ਮਹੀਨੇ ਦੌਰਾਨ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਟਰੈਫ਼ਿਕ ਨਿਯਮਾਂ ਪ੍ਰਤੀ ਜ਼ਿੰਮੇਵਾਰਾਨਾ ਰਵੱਈਆ ਵਿਕਸਿਤ ਕੀਤਾ ਜਾ ਸਕੇ। ਟਰਾਂਸਪੋਰਟ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਰੀਜਨਲ ਟਰਾਂਸਪੋਰਟ ਅਫਸਰ ਚੇਤਨ ਬੰਗੜ ਦੀ ਨਿਗਰਾਨੀ ਹੇਠ ਇਹ ਜਾਗਰੂਕਤਾ ਸਮਾਗਮ ਕਰਵਾਈ ਜਾ ਰਹੇ ਹਨ।
ਇਸ ਲੜੀ ਤਹਿਤ ਏਆਰਟੀਓ ਮਨਿੰਦਰ ਸਿੰਘ ਦੀ ਅਗਵਾਈ ਹੇਠ ਟਰੱਕ ਆਪਰੇਟਰ ਯੂਨੀਅਨ ਸਰਹਿੰਦ ਵਿਖੇ ਸੜਕ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੌਰਾਨ ਟਰੱਕ ਚਾਲਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਮਹੱਤਵਪੂਰਨ ਦਿਸ਼ਾ ਨਿਰਦੇਸ਼ ਦਿੱਤੇ ਗਏ। ਮਨਿੰਦਰ ਸਿੰਘ ਨੇ ਦੱਸਿਆ ਕਿ ਇਨੀ ਦਿਨੀ ਪੈ ਰਹੀ ਸੰਘਣੀ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਪੂਰੀ ਚੌਕਸੀ ਅਤੇ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਜੋ ਸੜਕ ਹਾਦਸੇ ਨਾ ਵਾਪਰਨ। ਉਹਨਾਂ ਨੇ ਟਰੱਕ ਚਾਲਕਾਂ ਨੂੰ ਕਿਹਾ ਕਿ ਉਹ ਮੁੱਖ ਮਾਰਗਾਂ ਉੱਤੇ ਗਾਹੇ ਬਗਾਹੇ ਆਪਣੇ ਵਾਹਨ ਨਾ ਖੜਾਉਣ ਤਾਂ ਜੋ ਪਿੱਛੋਂ ਆਉਣ ਵਾਲੇ ਵਾਹਨ ਚਾਲਕ ਕਿਸੇ ਅਣਸੁਖਾਵੀ ਘਟਨਾ ਦਾ ਸ਼ਿਕਾਰ ਨਾ ਹੋਣ।
ਵਾਹਨ ਚਾਲਕਾਂ ਨੂੰ ਡਰਾਈਵਿੰਗ ਦੌਰਾਨ ਸ਼ਰਾਬ ਦਾ ਸੇਵਨ ਨਾ ਕਰਨ ਦੀ ਹਦਾਇਤ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਤੇਜ ਰਫਤਾਰ ਵਾਹਨ, ਸੜਕ ਹਾਦਸਿਆਂ ਨੂੰ ਅੰਜਾਮ ਦੇ ਸਕਦੇ ਹਨ ਇਸ ਲਈ ਨਿਰਧਾਰਤ ਗਤੀ ਨਾਲ ਹੀ ਵਾਹਨ ਚਲਾਏ ਜਾਣ। ਉਹਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ 31 ਜਨਵਰੀ ਤੱਕ ਇਹ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਜਲਵੇੜਾ, ਸਕੱਤਰ ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਮੈਂਬਰ ਮੌਜੂਦ ਸਨ।
——————————
This news is auto published from an agency/source and may be published as received.
