ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਾਹਰ ਕੀਤਾ ਪ੍ਰਦਰਸ਼ਨ

ਹਾਈ ਕੋਰਟ ਨੇ ਪਟੀਸ਼ਨਾਂ ਦੀ ਸੁਣਵਾਈ 14 ਜਨਵਰੀ ਤਕ ਕੀਤੀ ਮੁਲਤਵੀ

ਨਵੀਂ ਦਿੱਲੀ, 9 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਕੇਂਦਰ ਸਰਕਾਰ ਵਲੋਂ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਵਿਰੋਧ ’ਚ ਗ੍ਰਹਿ ਮੰਤਰਾਲੇ ਦੇ ਦਫ਼ਤਰ ਬਾਹਰ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੂੰ ਹਿਰਾਸਤ ’ਚ ਲਿਆ ਗਿਆ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਬਾਹਰ ਕੱਢ ਦਿਤਾ, ਉਨ੍ਹਾਂ ਨੂੰ ਚੁੱਕ ਲਿਆ ਅਤੇ ਸੰਸਦ ਮੈਂਬਰਾਂ ਨੂੰ ਘਸੀਟਦੇ ਹੋਏ ਇਲਾਕੇ ਨੂੰ ਖਾਲੀ ਕਰ ਦਿਤਾ। ਇਹ ਵਿਰੋਧ ਪ੍ਰਦਰਸ਼ਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੋਲਾ ਤਸਕਰੀ ਮਾਮਲੇ ਦੇ ਸਬੰਧ ਵਿਚ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਦਫ਼ਤਰ ਅਤੇ ਇਸ ਦੇ ਮੁਖੀ ਦੇ ਘਰ ਛਾਪੇਮਾਰੀ ਵਿਰੁਧ ਕੀਤਾ ਜਾ ਰਿਹਾ ਸੀ। ਈ.ਡੀ. ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਮਾਰਤ ਵਿਚ ਦਾਖਲ ਹੋਏ ਅਤੇ ਜਾਂਚ ਨਾਲ ਜੁੜੇ ‘ਮਹੱਤਵਪੂਰਨ’ ਸਬੂਤ ਖੋਹ ਲਏ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਕੇ ਸੰਸਦ ਸਟਰੀਟ ਥਾਣੇ ਲਿਜਾਇਆ ਗਿਆ, ਕਿਉਂਕਿ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ। ਸੰਸਦ ਮੈਂਬਰਾਂ ਨੂੰ ਪੁਲਿਸ ਨੇ ਦੁਪਹਿਰ 3 ਵਜੇ ਦੇ ਕਰੀਬ ਰਿਹਾਅ ਕਰ ਦਿਤਾ। ਸੰਸਦ ਮੈਂਬਰ ਡੇਰੇਕ ਓ ਬ੍ਰਾਇਨ, ਸਤਬਦੀ ਰਾਏ, ਮਹੂਆ ਮੋਇਤਰਾ, ਬਾਪੀ ਹਲਦਾਰ, ਸਾਕੇਤ ਗੋਖਲੇ, ਪ੍ਰਤਿਮਾ ਮੰਡਲ, ਕੀਰਤੀ ਆਜ਼ਾਦ ਅਤੇ ਸ਼ਰਮੀਲਾ ਸਰਕਾਰ ਨੇ ਤਖਤੀਆਂ ਫੜ ਕੇ ਕਰਤਵਯ ਭਵਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸੰਸਦ ਮੈਂਬਰਾਂ ਨੂੰ ਇਮਾਰਤ ਵਿਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵਲੋਂ ਇਲਾਕਾ ਖਾਲੀ ਕਰਨ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਗੇਟ ਉਤੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੋਂ ਜ਼ਬਰਦਸਤੀ ਬਾਹਰ ਕੱਢ ਦਿਤਾ ਗਿਆ। ਸੰਸਦ ਮੈਂਬਰਾਂ ਨੂੰ ਚੁੱਕਣ, ਧੱਕਾ ਦੇਣ ਅਤੇ ਬੱਸ ਵਿਚ ਧੱਕੇ ਮਾਰਨ ਦੇ ਦ੍ਰਿਸ਼ ਸੋਸ਼ਲ ਮੀਡੀਆ ਉਤੇ ਫੈਲ ਗਏ, ਕਈ ਕਲਿੱਪਾਂ ਟੀ.ਐਮ.ਸੀ. ਨੇ ਅਪਣੇ ਅਧਿਕਾਰਤ ‘ਐਕਸ’ ਹੈਂਡਲ ਉਤੇ ਸਾਂਝੀਆਂ ਕੀਤੀਆਂ। ਪਾਰਟੀ ਨੇ ਕਿਹਾ, ‘‘ਇਹ ਕਿਸ ਤਰ੍ਹਾਂ ਦਾ ਹੰਕਾਰ ਹੈ, ਅਮਿਤ ਸ਼ਾਹ? ਕੀ ਤੁਸੀਂ ਹੁਣ ਅਪਣੀ ਦਿੱਲੀ ਪੁਲਿਸ ਦੀ ਵਰਤੋਂ ਸਿਰਫ ਲੋਕਤੰਤਰ ਨੂੰ ਕੁਚਲਣ ਲਈ ਚੁਣੇ ਹੋਏ ਨੁਮਾਇੰਦਿਆਂ ਉਤੇ ਹਮਲਾ ਕਰਨ ਲਈ ਕਰ ਰਹੇ ਹੋ? ਕੀ ਇਸ ਤਰ੍ਹਾਂ ਤੁਹਾਡੇ ਭਾਰਤ ਵਿਚ ਅਸਹਿਮਤੀ ਨੂੰ ਚੁੱਪ ਕਰਵਾਇਆ ਜਾਂਦਾ ਹੈ?’’ ਪਾਰਟੀ ਨੇ ਅੱਗੇ ਕਿਹਾ, ‘‘ਮੰਨ ਲਓ ਕਿ ਤੁਸੀਂ ਭੜਕ ਗਏ ਹੋ! ਪਹਿਲਾਂ, ਈ.ਡੀ. ਦੀ ਬੇਸ਼ਰਮੀ ਨਾਲ ਦੁਰਵਰਤੋਂ ਅਤੇ ਹੁਣ, ਸਾਡੇ ਅੱਠ ਸੰਸਦ ਮੈਂਬਰਾਂ ਦੇ ਸ਼ਾਂਤਮਈ ਧਰਨੇ ਉਤੇ ਹਮਲਾ। ਇਹ ਨਿਰਾਸ਼ਾ ਤੁਹਾਡੇ ਡਰ ਦਾ ਪਰਦਾਫਾਸ਼ ਕਰਦੀ ਹੈ। ਤੁਸੀਂ ਲੋਕਤੰਤਰ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰ ਸਕਦੇ ਹੋ, ਬੰਗਾਲ ਨਹੀਂ ਡਰੇਗਾ। ਤੁਹਾਨੂੰ ਅਤੇ ਤੁਹਾਡੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ।’’ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਦਿੱਲੀ ’ਚ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਕੀਤੇ ਗਏ ਵਿਵਹਾਰ ਦੀ ਨਿੰਦਾ ਕੀਤੀ ਅਤੇ ਇਸ ਨੂੰ ਸ਼ਰਮਨਾਕ, ਅਸਵੀਕਾਰਨਯੋਗ ਅਤੇ ਲੋਕਤੰਤਰੀ ਅਧਿਕਾਰਾਂ ਉਤੇ ਹਮਲਾ ਕਰਾਰ ਦਿਤਾ। ‘ਐਕਸ’ ਉਤੇ ਇਕ ਪੋਸਟ ’ਚ ਪਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ, ‘‘ਅਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਲਈ ਚੁਣੇ ਹੋਏ ਨੁਮਾਇੰਦਿਆਂ ਨੂੰ ਸੜਕਾਂ ਉਤੇ ਘਸੀਟਣਾ… ਕਾਨੂੰਨ ਲਾਗੂ ਕਰਨਾ ਨਹੀਂ ਹੈ – ਇਹ ਵਰਦੀ ਵਿਚ ਹੰਕਾਰ ਹੈ। ਭਾਰਤ ਲੋਕਤੰਤਰ ਹੈ, ਭਾਰਤੀ ਜਨਤਾ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ।’’

——————————
This news is auto published from an agency/source and may be published as received.

Leave a Reply

Your email address will not be published. Required fields are marked *