ਖਾਦਾਂ ਦੀ ਕਾਲਾਬਾਜਾਰੀ ਅਤੇ ਜਮ੍ਹਾਂਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਡਾ. ਸੋਨਾ ਥਿੰਦ
ਨਿਸ਼ਚਿਤ ਦਰ ਤੋਂ ਵੱਧ ਕੀਮਤਾਂ 'ਤੇ ਵਿਕਰੀ ਅਤੇ ਖੇਤੀ ਤੋਂ ਇਲਾਵਾ ਯੂਰੀਆ ਖਾਦ ਦੀ ਹੋਰ ਵਰਤੋਂ ਲਈ ਵਿਕਰੀ ਨਹੀਂ ਕਰਨ ਦਿੱਤੀ ਜਾਵੇਗੀ
ਖਾਦਾਂ ਦੀ ਵਿਕਰੀ ਅਤੇ ਸਟਾਕ ਦੀ ਨਿਰੰਤਰ ਚੈਕਿੰਗ ਕਰਨ ਦੇ ਆਦੇਸ਼ ਫਤਹਿਗੜ੍ਹ ਸਾਹਿਬ, 9 ਜਨਵਰੀ:
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਜਿਲ੍ਹੇ ਦੇ ਹੋਲਸੇਲ ਅਤੇ ਰਿਟੇਲ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਸਖਤ ਹਦਾਇਤਾਂ ਕਰਦਿਆਂ ਕਿਹਾ ਗਿਆ ਹੈ ਕਿ ਖਾਦਾਂ ਦੀ ਕਾਲਾਬਾਜਾਰੀ, ਜਮ੍ਹਾਂਖੋਰੀ, ਨਿਸ਼ਚਿਤ ਦਰ ਤੋਂ ਵੱਧ ਕੀਮਤਾਂ 'ਤੇ ਵਿਕਰੀ ਅਤੇ ਖੇਤੀ ਤੋਂ ਇਲਾਵਾ ਯੂਰੀਆ ਖਾਦ ਦੀ ਹੋਰ ਵਰਤੋਂ ਲਈ ਵਿਕਰੀ ਕਰਨਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਰਧਾਰਤ ਸਰਕਾਰੀ ਰੇਟਾਂ 'ਤੇ ਹੀ ਖਾਦ ਉਪਲਬਧ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਖਾਦਾਂ ਨਾਲ ਕੋਈ ਵੀ ਹੋਰ ਖੇਤੀ ਇੰਨਪੁਟਸ ਟੈਗ ਕਰਕੇ ਵਿਕਰੀ ਨਾ ਕੀਤੀ ਜਾਵੇ। ਇਸ ਤਰਾਂ ਦੀ ਕੋਈ ਵੀ ਸ਼ਿਕਾਇਤ ਮਿਲਣ 'ਤੇ ਸਬੰਧਤ ਡੀਲਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਗਲਾਈਫੋਸੇਟ ਦਵਾਈ ਦੀ ਵਿਕਰੀ ਨਾ ਕੀਤੀ ਜਾਵੇ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਖਾਦਾਂ ਦੀ ਵਿਕਰੀ ਅਤੇ ਸਟਾਕ ਦੀ ਨਿਰੰਤਰ ਚੈਕਿੰਗ ਕਰਨ ਦੀ ਹਦਾਇਤ ਕੀਤੀ ਤਾਂ ਜੋ ਜਿਲ੍ਹੇ ਦੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਵੀ ਡੀਲਰ ਜਾਂ ਡਿਸਟਰੀਬਿਊਟਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦਾ ਲਾਇਸੰਸ ਰੱਦ ਕਰਨ ਸਮੇਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਖਾਦਾਂ ਜਾਂ ਹੋਰ ਖੇਤੀ ਸਮੱਗਰੀ ਦੀ ਨਿਰਵਿਘਨ ਅਤੇ ਪਾਰਦਰਸ਼ੀ ਸਪਲਾਈ ਯਕੀਨੀ ਬਣਾਈ ਜਾ ਸਕੇ । ਮੁੱਖ ਖੇਤੀਬਾੜੀ ਅਫਸਰ ਜਗਦੇਵ ਸਿੰਘ ਨੇ ਕਿਹਾ ਕਿ ਜਿਲ੍ਹੇ ਅੰਦਰ ਵਿਭਾਗੀ ਅਮਲੇ ਵੱਲੋਂ ਖਾਦ, ਬੀਜ, ਕੀੜੇਮਾਰ ਦਵਾਈ ਡੀਲਰਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਡੀਲਰ ਜਾਂ ਡਿਸਟਰੀਬਿਊਟਰ ਅਜਿਹੀ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਜਰੂਰੀ ਵਸਤਾਂ ਐਕਟ 1955, ਖਾਦ (ਕੰਟਰੋਲ) ਆਰਡਰ 1985, ਇੰਨਸੈਕਟੀਸਾਈਡ ਐਕਟ 1971, ਬੀਜ ( ਕੰਟਰੋਲ) ਆਰਡਰ 1983 ਅਤੇ ਹੋਰ ਵਿਭਾਗੀ ਕਾਨੂੰਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
——————————
This news is auto published from an agency/source and may be published as received.
