
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ
ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ
ਫ਼ਤਿਹਗੜ੍ਹ ਸਾਹਿਬ, 2 ਜਨਵਰੀ:
ਜ਼ਿਲ੍ਹੇ ਦੇ ਪਿੰਡਾਂ ਵਿੱਚ ਜਲ ਸਪਲਾਈ ਅਤੇ ਸਵੱਛਤਾ ਦੇ ਮਿਆਰਾਂ ਨੂੰ ਹੋਰ ਉੱਚਾ ਚੁੱਕਣ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਅਗਵਾਈ ਹੇਠ 'ਜਿਲ੍ਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਮਿਸ਼ਨ' ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ (ਫੇਜ਼-2) ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਵਿੱਚ ਕਾਰਜਕਾਰੀ ਇੰਜੀਨੀਅਰ ਇਸ਼ਾਨ ਕੌਸ਼ਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।
ਸਵੱਛ ਭਾਰਤ ਮਿਸ਼ਨ ਅਧੀਨ ਹੋਈ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 83 ਪਿੰਡ 'ਓ.ਡੀ.ਐੱਫ. ਮਾਡਲ' ਕੈਟਾਗਰੀ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ 277 ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਪਲਾਂਟ ਸਫਲਤਾਪੂਰਵਕ ਸਥਾਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਤਰਲ ਕੂੜਾ ਪ੍ਰਬੰਧਨ ਲਈ ਮਾਡਲ ਪਿੰਡਾਂ ਵਿੱਚ ਥਾਪਰ ਮਾਡਲ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਇਹ ਪ੍ਰੋਜੈਕਟ ਜਲਦੀ ਮੁਕੰਮਲ ਕਰਨ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਪੰਚਾਇਤਾਂ ਨੂੰ ਸਾਂਝੇ ਪਖਾਨਾ ਘਰਾਂ ਦੀ ਉਸਾਰੀ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਵੀ ਆਦੇਸ਼ ਦਿੱਤੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ, ਬੀ.ਡੀ.ਪੀ.ਓਜ਼, ਜਲ ਸਪਲਾਈ ਵਿਭਾਗ ਵੱਲੋਂ ਉਪ ਮੰਡਲ ਇੰਜੀਨੀਅਰ ਗੌਤਮ ਜਿੰਦਲ, ਜੂਨੀਅਰ ਇੰਜੀਨੀਅਰ ਨਿਰਮਲ ਕੁਮਾਰ, ਸੀ.ਡੀ.ਐਸ. ਸਪੈਸ਼ਲਿਸਟ ਸੁਖਦੀਪ ਸਿੰਘ, ਆਈ.ਈ.ਸੀ. ਸਪੈਸ਼ਲਿਸਟ ਕੇਵਲ ਕ੍ਰਿਸ਼ਨ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
——————————
This news is auto published from an agency/source and may be published as received.
