
ਫਤਿਹਗੜ੍ਹ ਸਾਹਿਬ 30 ਦਸੰਬਰ (ਰੂਪ ਨਰੇਸ਼) -ਬਡਾਲੀ ਆਲਾ ਸਿੰਘ ਤੋਂ ਸਾਧੂਗੜ ਜੀ ਟੀ ਰੋਡ ਨੂੰ ਜੋੜਨ ਵਾਲੀ ਨਵੀਂ ਬਣੀ ਸੜਕ ਮਹਿਜ਼ 10 ਦਿਨਾਂ ਦੇ ਅੰਦਰ ਹੀ ਟੁੱਟੀ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸੜਕ ਉੱਤੇ ਵੱਡੇ ਵੱਡੇ ਖੱਡੇ ਪੈ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਰ ਰੋਜ਼ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਥ ਕਾਂਗਰਸ ਹਲਕਾ ਫਤਿਹਗੜ੍ਹ ਸਾਹਿਬ ਬਲਾਕ ਖੇੜਾ ਦੇ ਪ੍ਰਧਾਨ ਅਮਰਿੰਦਰ ਸਿੰਘ ਰੇਖੀ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਹਰ ਮੰਚ ਤੋਂ ਵਿਕਾਸ ਦਾ ਨਾਰਾ ਦਿੱਤਾ ਜਾ ਰਿਹਾ ਹੈ, ਪਰ ਜਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੜਕ ਲੋਕਾਂ ਦੀ ਸੁਵਿਧਾ ਲਈ ਬਣਾਈ ਗਈ ਸੀ, ਉਹ ਕੁਝ ਹੀ ਦਿਨਾਂ ਵਿੱਚ ਟੁੱਟ ਜਾਣਾ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਚਿੰਨ੍ਹ ਲਗਾਉਂਦਾ ਹੈ। ਅਮਰਿੰਦਰ ਸਿੰਘ ਰੇਖੀ ਨੇ ਦੋਸ਼ ਲਗਾਇਆ ਕਿ ਸੜਕ ਦੀ ਤਿਆਰੀ ਦੌਰਾਨ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਜਿਸ ਕਾਰਨ ਇਹ ਸੜਕ 10 ਦਿਨਾਂ ਵੀ ਨਹੀਂ ਟਿਕ ਸਕੀ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਘਟੀਆ ਮਟੀਰੀਅਲ ਪਾਉਣ ਵਾਲੇ ਠੇਕੇਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ਨੂੰ ਮੁੜ ਤੋਂ ਮਿਆਰੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਲਾਕੇ ਦੇ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੇ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
——————————
This news is auto published from an agency/source and may be published as received.
