ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ਹੀਦੀ ਸਭਾ ਦੌਰਾਨ ਸੰਗਤਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਗਿਆ ਜਾਗਰੂਕ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ਹੀਦੀ ਸਭਾ ਦੌਰਾਨ ਸੰਗਤਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਗਿਆ ਜਾਗਰੂਕ

ਫ਼ਤਹਿਗੜ੍ਹ ਸਾਹਿਬ, 30 ਦਸੰਬਰ:

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਦੇ ਮੌਕੇ 'ਤੇ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਣਤ ਤੋਂ ਬਚਾਉਣਾ ਅਤੇ ਸੰਗਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਸੀ।

ਅਥਾਰਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਗਵਾਈ ਹੇਠ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਸੰਗਤਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਨਸ਼ਾ-ਮੁਕਤ ਅਤੇ ਸਿਹਤਮੰਦ ਜੀਵਨ ਜਿਊਣ।

ਸ਼੍ਰੀ ਚੌਹਾਨ ਨੇ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਦੱਸਿਆ ਕਿ ਸਮਾਜ ਦੇ ਕਮਜ਼ੋਰ ਵਰਗ, ਔਰਤਾਂ ਅਤੇ ਬੱਚੇ ਕਿਸ ਤਰ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਆਉਣ ਵਾਲੀਆਂ ਸੰਗਤਾਂ ਨੂੰ ਨਸ਼ਾ ਛੁਡਾਊ ਕੇਂਦਰ ਅਤੇ ਕਾਨੂੰਨੀ ਸੇਵਾਵਾਂ ਦੇ ਟੋਲ-ਫ੍ਰੀ ਨੰਬਰਾਂ ਵਾਲੇ ਪੈਂਫਲੇਟ ਅਤੇ ਕਿਤਾਬਚੇ ਵੰਡੇ ਗਏ।

ਇਸ ਮੌਕੇ ਬੋਲਦਿਆਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਕਿਹਾ, "ਸ਼ਹੀਦੀ ਸਭਾ ਦਾ ਪਵਿੱਤਰ ਅਸਥਾਨ ਸਾਨੂੰ ਜ਼ੁਲਮ ਅਤੇ ਬੁਰਾਈ ਵਿਰੁੱਧ ਲੜਨ ਦੀ ਸ਼ਕਤੀ ਦਿੰਦਾ ਹੈ। ਅੱਜ ਦੇ ਸਮੇਂ ਵਿੱਚ ਨਸ਼ਾ ਇੱਕ ਵੱਡੀ ਬੁਰਾਈ ਹੈ, ਜਿਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ।

ਸ਼੍ਰੀ ਚੌਹਾਨ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ, ਤਾਂ ਉਸ ਨੂੰ ਇਲਾਜ ਲਈ ਪ੍ਰੇਰਿਤ ਕਰਨ ਅਤੇ ਕਾਨੂੰਨੀ ਮਦਦ ਲਈ ਅਥਾਰਟੀ ਨਾਲ ਸੰਪਰਕ ਕਰਨ।

ਸ਼ਹੀਦੀ ਸਭਾ ਦੇ ਪਵਿੱਤਰ ਅਤੇ ਵੈਰਾਗਮਈ ਮਾਹੌਲ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਕੁਮਾਰ ਚੌਹਾਨ ਨੇ ਦਸਮ ਪਿਤਾ ਦੇ ਸ਼ਬਦਾਂ "ਸੂਲ ਸੁਰਾਹੀ ਖੰਜਰ ਪਿਆਲਾ" ਦਾ ਬਹੁਤ ਹੀ ਗੰਭੀਰ ਅਤੇ ਭਾਵੁਕ ਹਵਾਲਾ ਦਿੱਤਾ। ਉਨ੍ਹਾਂ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਜਿਸ ਧਰਤੀ ਨੂੰ ਨਿੱਕੇ ਸਾਹਿਬਜ਼ਾਦਿਆਂ ਦੇ ਖੂਨ ਨੇ ਸਿੰਜਿਆ ਹੋਵੇ, ਉੱਥੇ ਨਸ਼ਿਆਂ ਦਾ ਪਸਾਰਾ ਸਾਡੀ ਰੂਹ ਨੂੰ ਝੰਜੋੜਨ ਵਾਲਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਸਾਨੂੰ ਨਸ਼ਿਆਂ ਦੇ ਝੂਠੇ ਸਰੂਰ ਨੂੰ ਤਿਆਗ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ 'ਸੂਰਮੇ' ਬਣਨ ਦੀ ਲੋੜ ਹੈ।

ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਆਓ ਨਸ਼ਿਆਂ ਦੇ ਮਾਰੂ ਰਸਤੇ ਨੂੰ ਤਿਆਗ ਕੇ ਗੁਰੂ ਦੇ ਦੱਸੇ ਸੱਚੇ ਮਾਰਗ ਦੇ ਪਾਂਧੀ ਬਣੀਏ।

——————————
This news is auto published from an agency/source and may be published as received.

Leave a Reply

Your email address will not be published. Required fields are marked *