ਆਮ ਖਾਸ ਬਾਗ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ‘ਤੇ ਅਧਾਰਤ ਸਾਈਟ ਐਂਡ ਸਾਊਂਡ ਪੈਨੋਰਮਾ ਸ਼ੋਅ ਦੀ ਭਾਵਪੂਰਤ ਪੇਸ਼ਕਾਰੀ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ

ਸ਼ਹੀਦੀ ਸਭਾ-2025 ਦੀ ਪਹਿਲੀ ਸ਼ਾਮ

ਆਮ ਖਾਸ ਬਾਗ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਅਧਾਰਤ ਸਾਈਟ ਐਂਡ ਸਾਊਂਡ ਪੈਨੋਰਮਾ ਸ਼ੋਅ ਦੀ ਭਾਵਪੂਰਤ ਪੇਸ਼ਕਾਰੀ

-ਠੰਢ ਦੇ ਬਾਵਜੂਦ ਭਰਵੀਂ ਗਿਣਤੀ 'ਚ ਪੁੱਜੀ ਸੰਗਤ ਵੱਲੋਂ ਜੈਕਾਰਿਆਂ ਨਾਲ ਭਾਵੁਕਤਾ ਤੇ ਜੋਸ਼ ਦਾ ਪ੍ਰਗਟਾਵਾ

ਫ਼ਤਹਿਗੜ੍ਹ ਸਾਹਿਬ, 25 ਦਸੰਬਰ :

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਆਰਟ ਥੀਏਟਰ ਦੇ ਸਹਿਯੋਗ ਨਾਲ ਇੱਥੇ ਆਮ ਖਾਸ ਬਾਗ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਸਭਾ-2025 ਦੀ ਪਹਿਲੀ ਸ਼ਾਮ ਕਰਵਾਏ ਸਾਈਟ ਐਂਡ ਸਾਊਂਡ ਪੈਨੋਰਮਾ 'ਸਰਬੰਸਦਾਨੀ' ਦੀ ਵਿਲੱਖਣ ਪੇਸ਼ਕਾਰੀ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ। ਹੱਡ ਚੀਰਵੀਂ ਠੰਢ ਦੇ ਬਾਵਜੂਦ ਭਰਵੀਂ ਗਿਣਤੀ 'ਚ ਪੁੱਜੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਭਾਵੁਕਤਾ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ।

ਸਵਰਗੀ ਡਾ. ਹਰਚਰਨ ਸਿੰਘ ਲਾਟਾ ਵੱਲੋਂ ਲਿਖਤ ਨਾਟਕ 'ਤੇ ਅਧਾਰਤ ਅਤੇ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਸ. ਹਰਬਖ਼ਸ਼ ਸਿੰਘ ਲਾਟਾ ਦੀ ਨਿਰਦੇਸ਼ਨਾ ਹੇਠ ਸਾਈਟ ਐਂਡ ਸਾਊਂਡ ਸ਼ੋਅ 'ਸਰਬੰਸਦਾਨੀ' 'ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ।

ਇਸ ਸਾਈਟ ਐਂਡ ਸਾਊਂਡ ਸ਼ੋਅ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ਦੇ ਬਿਰਤਾਂਤ, ਉਨ੍ਹਾਂ ਵੱਲੋਂ 1699 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੀ ਸ਼ਹਾਦਤ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੇ ਸੂਬੇ ਨੂੰ ਸਜਾ ਦੇਣ ਦੇ ਇਤਿਹਾਸ ਨੂੰ ਆਵਾਜ਼, ਰੋਸ਼ਨੀਆਂ ਤੇ ਸੰਕੇਤਾਂ ਜਰੀਏ ਦਿਲਕਸ਼ ਤੇ ਖੂਬਸੂਰਤੀ ਨਾਲ ਸੰਗਤ ਸਾਹਮਣੇ ਰੂਪਮਾਨ ਕੀਤਾ ਗਿਆ।

ਇਸ ਦੌਰਾਨ ਹਰਬਖ਼ਸ਼ ਸਿੰਘ ਲਾਟਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਾ. ਹਰਚਰਨ ਸਿੰਘ ਲਾਟਾ ਤੇ ਅਸ਼ਵਨੀ ਸਾਵਨ ਦੇ ਲਿਖੇ ਇਸ ਨਾਟਕ 'ਸਰਬੰਸਦਾਨੀ' ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਜੀਵਨ ਦੇ 28 ਹਿੱਸਿਆਂ 'ਤੇ ਅਧਾਰਤ ਇਸ ਮਹਾਂਨਾਟਕ ਨੂੰ ਤਿਆਰ ਕੀਤਾ ਗਿਆ ਸੀ। ਇਸ ਸ਼ੋਅ ਵਿੱਚ 28 ਉਘੇ ਤੇ ਨਿਪੁੰਨ ਕਲਾਕਾਰਾਂ ਨੇ ਹਿੱਸਾ ਲਿਆ ਹੈ ਅਤੇ ਇਸ ਦੇ ਦੇਸ਼-ਵਿਦੇਸ਼ ਵਿੱਚ ਹੁਣ ਤੱਕ 20 ਸ਼ੋਅ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਡਾ. ਹਰਚਰਨ ਸਿੰਘ ਲਾਟਾ ਦੇ ਲਿਖੇ ਨਾਟਕ, ਚਮਕੌਰ ਦੀ ਗੜ੍ਹੀ, ਸਰਹਿੰਦ ਦੀ ਕੰਧ, ਜਿੰਦਾਂ ਨਿੱਕੀਆਂ ਤੇ ਜਫ਼ਰਨਾਮਾ ਵੀ ਬਹੁਤ ਮਕਬੂਲ ਹੋਏ ਹਨ।

ਇਸ ਵਿੱਚ ਐਚ.ਐਮ ਸਿੰਘ ਦਾ ਮਿਊਜਿਕ ਹੈ ਤੇ ਬਾਬਾ ਰਾਮ ਸਿੰਘ ਨਾਨਕਸਰ, ਸੰਤ ਅਨੂਪ ਸਿੰਘ, ਭਾਈ ਬਲਵਿੰਦਰ ਸਿੰਘ ਰੰਗੀਲਾ, ਹੰਸ ਰਾਜ ਹੰਸ, ਸਤਨਾਮ ਸਿੰਘ ਮੁੱਲਾਂਪੁਰੀ, ਵਿਕਰਮਜੀਤ ਸਿੰਘ ਸਾਹਨੀ, ਸੁਰਿੰਦਰ ਛਿੰਦਾ, ਮਹਿੰਦਰ ਕਪੂਰ ਤੇ ਭੁਪਿੰਦਰ ਸਿੰਘ ਦੀਆਂ ਅਵਾਜਾਂ ਵਿੱਚ ਸ਼ਬਦ ਤੇ ਗੀਤ ਗਾਏ ਗਏ ਹਨ।

ਆਮ ਖਾਸ ਬਾਗ ਵਿਖੇ ਪੇਸ਼ ਕੀਤੇ ਗਏ ਇਸ ਸ਼ੋਅ ਦੌਰਾਨ ਹੱਡ ਚੀਰਵੀਂ ਠੰਢ ਦੇ ਬਾਵਜੂਦ ਦੂਰੋਂ-ਦੂਰੋਂ ਪੁੱਜੇ ਸ਼ਰਧਾਲੂਆਂ ਨੇ ਇਸ ਮਹਾਂ ਨਾਟਕ ਨੂੰ ਭਾਵੁਕਤਾ ਨਾਲ ਦੇਖਿਆ।

——————————
This news is auto published from an agency/source and may be published as received.

Leave a Reply

Your email address will not be published. Required fields are marked *