
ਪਾਰਟੀ ਲੀਹਾਂ ਤੋਂ ਉਪਰ ਉਠ ਕੇ ਸਿਆਸਤਦਾਨਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ 98ਵੇਂ ਜਨਮ ਦਿਵਸ ’ਤੇ ਭੇਂਟ ਕੀਤੀ ਸ਼ਰਧਾਂਜਲੀ ਮਰਹੂਮ ਬਾਦਲ ਦਾ ਉੱਚਾ ਬੁੱਤ ਕੀਤਾ ਜਨਤਕ

ਬਾਦਲ ਬਠਿੰਡਾ (ਨਿਊਜ਼ ਟਾਊਨ ਨੈਟਵਰਕ) 8 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਹੀ ਰਾਸ਼ਟਰਵਾਦੀ ਅਤੇ ਪੰਜਾਬ ਦੀ ਆਵਾਜ਼ ਕਰਾਰ ਦਿਤਾ ਅਤੇ ਪ੍ਰਣ ਲਿਆ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੇ ਅਤੇ ਕਦੇ ਵੀ ਪੰਜਾਬ, ਪੰਜਾਬੀ, ਖ਼ਾਲਸਾ ਪੰਥ ਤੇ ਅਕਾਲੀ ਦਲ ਦੇ ਮਾਣ ਸਨਮਾਨ ਨਾਲ ਸਮਝੌਤਾ ਨਹੀਂ ਕਰਨਗੇ। ਇਥੇ ਮਰਹੂਮ ਆਗੂ ਦੇ 98ਵੇਂ ਜਨਮ ਦਿਹਾੜੇ ’ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ’ਤੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਸਾਹਿਬ ਅਸਲ ਮਾਅਨਿਆਂ ਵਿਚ ’ਵਿਕਾਸ ਪੁਰਸ਼’ ਸਨ ਜਿਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨਾਲੋਂ ਵੱਧ ਕੰਮ ਕੀਤਾ। ਉਹਨਾਂ ਕਿਹਾ ਕਿ ਤੁਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੋਗੇ ਤਾਂ ਵੇਖੋਗੇ ਕਿ ਉਹਨਾਂ ਦੇ ਪ੍ਰਾਜੈਕਟ ਕਿਵੇਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਇਕੱਲਿਆਂ ਹੀ ਕਿਸਾਨਾਂ ਅਤੇ ਗ਼ਰੀਬਾਂ ਦੇ ਜੀਵਨ ਵਿਚ ਨਿਵੇਕਲੀਆਂ ਸਕੀਮਾਂ ਰਾਹੀਂ ਸੁਧਾਰ ਲਿਆਂਦਾ। ਇਹੀ ਕਾਰਨ ਹੈ ਕਿ ਸਾਰੇ ਲੋਕ ਇਹ ਆਖਦੇ ਸਨ ਕਿ ਬਾਦਲ ਸਾਹਿਬ ਉਹਨਾਂ ਵਿਚੋਂ ਹੀ ਸਨ। ਸ. ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਬਾਦਲ ਸਾਹਿਬ ਦੇ ਦਰਸਾਏ ਰਾਹ ’ਤੇ ਚੱਲੇਗਾ। ਉਹਨਾਂ ਕਿਹਾ ਕਿ ਉਹ ਇਸ ਵਾਸਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਉਹਨਾਂ ਦੀ ਹਮਾਇਤ ਕਰਨ ਕਿਉਂਕਿ ਹੁਣ ਹੁਣ ਹੋਰ ਜ਼ਿਆਦਾ ਤਜ਼ਰਬੇ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕੋਲ ਹਮੇਸ਼ਾ ਹੀ ਸੂਬੇ ਨੂੰ ਮੌਜੂਦਾ ਸੰਕਟ ਵਿਚੋਂ ਕੱਢਣ ਅਤੇ ਇਸ ਨੂੰ ਮੁੜ ਵਿਕਾਸ ਤੇ ਖ਼ੁਸ਼ਹਾਲੀ ਦੇ ਰਾਹ ’ਤੇ ਪਾਉਣ ਦੀ ਇੱਛਾ-ਸ਼ਕਤੀ ਹੈ। ਸ. ਬਾਦਲ ਨੇ ਪਿੰਡ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਦੇ ਨਾਹਰਿਆਂ ਦੇ ਵਿਚਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਾਢੇ 12 ਫੁੱਟ ਦੀ ਮੂਰਤੀ ਦਾ ਉਦਘਾਟਨ ਵੀ ਕੀਤਾ। ਇਹ ਬੁੱਤ ਗੁਰਪ੍ਰੀਤ ਸਿੰਘ ਧੂਰੀ ਨੇ ਤਿਆਰ ਕੀਤਾ ਹੈ। ਇਸ ਦੇ ਪਿੱਛੇ ਅਕਾਲੀ ਦਲ ਦਾ 70 ਫੁੱਟ ਉੱਚਾ ਝੰਡਾ ਵੀ ਲਗਾਇਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮਰਹੂਮ ਆਗੂ ਦੇ ਜੀਵਨ, ਪ੍ਰਾਪਤੀਆਂ ਤੇ ਫ਼ਲਸਫ਼ੇ ਨੂੰ ਦਰਸਾਉਂਦੇ ਮਿਊਜ਼ੀਅਮ ਦਾ ਵੀ ਪਿੰਡ ਵਿਚ ਉਦਘਾਟਨ ਕੀਤਾ ਜਾਵੇਗਾ ਅਤੇ ਜਿਸ ਆਰਕੀਟੈਕਟ ਨੇ ਵਿਰਾਸ-ਏ-ਖ਼ਾਲਸਾ ਪ੍ਰਾਜੈਕਟ ਬਣਾਇਆ ਸੀ, ਉਸੇ ਨੇ ਇਸ ਦੀ ਸਿਰਜਣਾ ਕੀਤੀ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ਆਗੂਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਹਨਾਂ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਸ੍ਰੀ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਬਾਦਲ ਸਾਹਿਬ ਨੇ ਗ਼ਰੀਬਾਂ ਤੇ ਦਬੇ ਕੁਚਲੇ ਵਰਗ ਵਾਸਤੇ ਬਹੁਤ ਕੁਝ ਕੀਤਾ ਤੇ ਉਹਨਾਂ ਅਪੀਲ ਕੀਤੀ ਕਿ ਉਹਨਾਂ ਦੇ ਜਨਮ ਦਿਹਾੜੇ ਨੂੰ ’ਸਦਭਾਵਨਾ ਦਿਹਾੜੇ’ ਵਜੋਂ ਮਨਾਇਆ ਜਾਵੇ। ਇਸ ਮੌਕੇ ਸੀਨੀਅਰ ਭਾਜਪਾ ਆਗੂਆਂ ਸ. ਮਨਪ੍ਰੀਤ ਸਿੰਘ ਬਾਦਲ ਤੇ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਵੱਡੇ-ਵੱਡੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦੇ ਸਨ। ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨਾ ਸਿਰਫ਼ ਵੱਡੇ ਸੁਫ਼ਨੇ ਵੇਖਦੇ ਸਨ ਬਲਕਿ ਉਹ ਪੰਜਾਬ ਦੀ ਬੇਹਤਰੀ ਵਾਸਤੇ ਸੁਫ਼ਨਿਆਂ ਨੂੰ ਯਥਾਰਥ ਵਿਚ ਵੀ ਬਦਲਦੇ ਸਨ। ਸੀ.ਪੀ.ਆਈ ਦੇ ਆਗੂ ਹਰਦੇਵ ਅਰਸ਼ੀ ਨੇ ਦੱਸਿਆ ਕਿ ਕਿਵੇਂ ਮਰਹੂਮ ਆਗੂ ਨੇ ਗ਼ਰੀਬਾਂ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਹ ਸ. ਬਾਦਲ ਸਨ ਜਿਹਨਾਂ ਨੇ 1979 ਵਿਚ ਵਿਧਵਾ ਪੈਨ਼ਸ਼ਨ ਸ਼ੁਰੂ ਕੀਤੀ ਤੇ ਧਰਮਸ਼ਾਲਾਵਾਂ ਸਥਾਪਤ ਕੀਤੀਆਂ ਅਤੇ ਗ਼ਰੀਬ ਪੱਖੀ ਆਟਾ-ਦਾਲ ਸਕੀਮ ਤੇ ਸ਼ਗਨ ਸਕੀਮ ਸ਼ੁਰੂ ਕੀਤੀਆਂ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਕਿਵੇਂ ਸ. ਬਾਦਲ ਨੇ ਆਪਣੇ ਆਦਰਸ਼ਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਕਿਵੇਂ ਇੰਦਰਾ ਗਾਂਧੀ ਵਲੋਂ ਲੁਭਾਊ ਪੇਸ਼ਕਸ਼ਾਂ ਦੇ ਬਾਵਜੂਦ ਵੀ ਸਮਝੌਤੇ ਨਹੀਂ ਕੀਤੇ।
——————————
This news is auto published from an agency/source and may be published as received.
