
*ਖੇਤੀਬਾੜ੍ਹੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਤੇਵਾਲੀ ਵਿਖੇ ਲਗਾਇਆ ਗਿਆ ਜਿਲ੍ਹਾ ਪੱਧਰੀ ਕਿਸਾਨ ਮੇਲਾ*
ਫਤਹਿਗੜ੍ਹ ਸਾਹਿਬ, 13 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਫ਼ਸਲ ਦੀ ਬਿਜਾਈ ਅਤੇ ਸਿੰਜਾਈ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਖੇਤਾਂ ਤੱਕ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ ਜਿਸ ਨਾਲ ਝੋਨੇ ਦੀ ਫਸਲ ਦਾ ਚੰਗਾ ਝਾੜ ਪ੍ਰਾਪਤ ਹੋਇਆ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖੇਤੀਬਾੜ੍ਹੀ ਵਿਭਾਗ ਵੱਲੋਂ ਅੱਤੇਵਾਲੀ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਵੱਖ ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਜਾਇਜਾ ਵੀ ਲਿਆ।
ਵਿਧਾਇਕ ਐਡਵੋਕੇਟ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਿਸਾਨਾਂ ਨੇ ਆਪਣੀ ਮਿਹਨਤ, ਸੂਝ-ਬੂਝ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਸਬੂਤ ਦਿੰਦਿਆਂ ਸਾਲ 2025 ਦੌਰਾਨ ਪਰਾਲੀ ਪ੍ਰਬੰਧਨ ਦੇ ਖੇਤਰ ਵਿੱਚ ਪੰਜਾਬ ਭਰ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਕਿਸਾਨਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਇਸ ਸਾਲ 2026 ਵਿੱਚ ਵੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਵਿੱਚ ਪੂਰੇ ਪੰਜਾਬ ਲਈ ਮਿਸਾਲ ਕਾਇਮ ਕਰੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਉਪਲਬਧ ਆਧੁਨਿਕ ਖੇਤੀ ਮਸ਼ੀਨਰੀ ਅਤੇ ਵਿਗਿਆਨਕ ਤਕਨੀਕਾਂ ਦੀ ਵਰਤੋਂ ਕਰਦਿਆਂ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਨਾਲ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ, ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਵੀ ਮਦਦ ਮਿਲਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਉਪਲਬਧ ਆਧੁਨਿਕ ਖੇਤੀ ਮਸ਼ੀਨਰੀ ਅਤੇ ਵਿਗਿਆਨਕ ਤਕਨੀਕਾਂ ਦੀ ਵਰਤੋਂ ਕਰਦਿਆਂ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ।
ਇਸ ਮੌਕੇ ਲਖਬੀਰ ਸਿੰਘ ਰਾਏ ਵੱਲੋਂ ਪਰਾਲੀ ਪ੍ਰਬੰਧਨ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਦੇ 50 ਅਗਾਂਹਵਧੂ ਕਿਸਾਨਾਂ, 5 ਗ੍ਰਾਮ ਪੰਚਾਇਤਾਂ ਅਤੇ 4 ਫਰਮਾਂ/ਕਿਸਾਨ ਉਤਪਾਦਕ ਸੰਗਠਨਾਂ (ਐੱਫ.ਪੀ.ਓਜ਼) ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਨਮਾਨਿਤ ਕਿਸਾਨਾਂ ਅਤੇ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਖੇਤੀਬਾੜ੍ਹੀ ਵਿਭਾਗ ਵੱਲੋਂ ਸਬਸਿਡੀ ਤੇ ਖੇਤੀ ਮਸ਼ੀਨਰੀ ਦਿੱਤੀ ਗਈ ਹੈ ਅਤੇ ਜਿਪਸਮ ਖਾਦ ਵੀ 50 ਫੀਸਦੀ ਸਬਸਿਡੀ ਤੇ ਦਿੱਤਾ ਗਿਆ ਹੈ। ਉਹਨਾ ਕਿਸਾਨਾਂ ਨੂੰ ਵਿਭਾਗ ਵੱਲੋਂ ਉਪਲਬੱਧ ਕਰਵਾਈਆਂ ਪਰਾਲੀ ਸਾਂਭਣ ਵਾਲੀਆਂ ਮਸ਼ੀਨਾ ਦੀ ਵੱਧ ਤੋਂ ਵੱਧ ਵਰਤੋ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਹਰਦੀਪ ਸਿੰਘ ਸਵਿੱਖੀ ਦੀ ਅਗਾਈ ਵਿੱਚ ਪਹੁੰਚੀ ਕੇ.ਵੀ.ਕੇ ਦੀ ਟੀਮ ਵੱਲੋਂ ਕਿਸਾਨਾਂ ਨੂੰ ਵੱਖ ਵੱਖ ਖੇਤੀ ਵਿਸ਼ਿਆਂ ਉੱਪਰ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਅਰਵਿੰਦਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਬਾਰੇ ਜਾਣਕਾਰੀ ਦਿੱਤੀ। ਡਾ.
ਅਮਨਪ੍ਰੀਤ ਸਿੰਘ, ਨੇ ਪਰਾਲੀ ਸਾਂਭਣ ਵਾਲੀਆਂ ਵੱਖ ਵੱਖ ਮਸ਼ੀਨਾਂ ਦੀ ਕਾਰਜਵਿਧੀ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਡਾ. ਰਮਨਦੀਪ ਕੌਰ, ਬਾਗਬਾਨੀ ਵਿਕਾਸ ਅਫਸਰ ਨੇ ਆਏ ਕਿਸਾਨਾਂ ਨੂੰ ਬਾਗਬਾਨੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਮਧੂ ਮੱਖੀਆਂ ਦੀ ਕਾਸ਼ਤ ਵਿੱਚ ਆ ਰਹੀਆਂ ਮੁਸ਼ਿਕਲਾਂ ਬਾਰੇ ਸੁਝਾਅ ਸਾਂਝੇ ਕੀਤੇ। ਡਾ. ਰਸੂ ਮਹਿੰਦੀਰੱਤਾ ਅਤੇ ਡਾ. ਸੁਖਵਿੰਦਰ ਕੌਰ ਮੱਛੀ ਪਾਲਣ ਅਫਸਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਮੱਛੀ ਪਾਲਣ ਕਿੱਤਾ ਅਪਨਾਉਣ ਲਈ ਅਪੀਲ ਕੀਤੀ।
ਇਸ ਮੌਕੇ ਜਗਦੇਵ ਸਿੰਘ, ਮੁੱਖ ਖੇਤੀਬਾੜੀ ਅਫਸਰ, ਡਾ. ਗੁਰਅੰਸ਼ਪ੍ਰੀਤ ਸੇਠੀ, ਗੁਰਲੀਨ ਕੌਰ, ਡੇਅਰੀ ਇੰਸਪੈਕਟਰ, ਬੂਟਾ ਸਿੰਘ, ਖੇਤੀਬਾੜੀ ਅਫਸਰ, ਡਾ. ਇਕਬਾਲਜੀਤ ਸਿੰਘ ਬੈਨੀਪਾਲ, ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ ਦਮਨ ਝਾਂਜੀ, ਡੀ.ਪੀ.ਡੀ ਹਰਮਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
