ਮਾਵਾਂ ਧੀਆਂ ਦਾ ਸਤਿਕਾਰ ਮੁਹਿੰਮ ਦਾ ਲਾਭ ਲੈਣ ਲਈ ਰਜਿਸਟਰੇਸ਼ਨ 13 ਅਪ੍ਰੈਲ ਤੋਂ ਹੋਵੇਗੀ ਸ਼ੁਰੂ-ਵਿਧਾਇਕ ਰਾਏ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ

ਮਾਵਾਂ ਧੀਆਂ ਦਾ ਸਤਿਕਾਰ ਮੁਹਿੰਮ ਦਾ ਲਾਭ ਲੈਣ ਲਈ ਰਜਿਸਟਰੇਸ਼ਨ 13 ਅਪ੍ਰੈਲ ਤੋਂ ਹੋਵੇਗੀ ਸ਼ੁਰੂ-ਵਿਧਾਇਕ ਰਾਏ ਪੰਜਾਬ ਸਰਕਾਰ ਨੇ ਰੋਜ਼ਗਾਰ, ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਬੁਲੰਦੀਆਂ ਦੇ ਪਹੁੰਚਾਇਆ

ਫਤਹਿਗੜ੍ਹ ਸਾਹਿਬ, 19 ਮਾਰਚ

ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਦਾ ਸਤਿਕਾਰ ਸਕੀਮ ਦੀ ਰਜਿਸਟਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਇਹ ਪ੍ਰਗਟਾਵਾ ਹਲਕਾ ਵਿਧਾਇਕ ਫਤਹਿਗੜ੍ਹ ਸਾਹਿਬ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਵਿਧਾਇਕ ਲਖਬੀਰ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਪੰਜਵੀਂ ਅਤੇ ਮੁੱਖ ਗਰੰਟੀ ਨੂੰ ਪੂਰਾ ਕਰਦਿਆਂ ਔਰਤਾਂ ਨੂੰ 1000 ਰੁਪਏ ਅਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਮਾਵਾਂ ਧੀਆਂ ਦਾ ਸਤਿਕਾਰ ਸਕੀਮ ਵਿਧਾਨ ਸਭਾ ਚ ਪਾਸ ਕਰ ਦਿੱਤੀ ਗਈ ਹੈ। ਇਸ ਸਕੀਮ ਦਾ ਲਾਭ ਲੈਣ ਦੇ ਲਈ ਜਰਨਲ ਵਰਗ ਨਾਲ ਸੰਬੰਧਿਤ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਨਮਾਨ ਵਜੋਂ ਦਿੱਤਾ ਜਾਵੇਗਾ। ਅਨੁਸੂਚਿਤ ਜਾਤੀ ਨਾਲ ਸੰਬੰਧਿਤ ਔਰਤਾਂ ਕੋਲ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਅਤੇ ਪੰਜਾਬ ਵਾਸੀ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਜ਼ਿਨ੍ਹਾਂ ਦਾ ਸਰਟੀਫਿਕੇਟ ਨਹੀਂ ਬਣਿਆ, ਉਹ ਆਪਣਾ ਸਰਟੀਫਿਕੇਟ ਬਣਾ ਕੇ ਸ਼ਰਤਾਂ ਪੂਰੀਆਂ ਕਰ ਲੈਣ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸੂਬੇ ਦੀ ਉਹ ਪਹਿਲੀ ਸਰਕਾਰ ਹੈ ਜਿਸ ਨੇ ਆਪਣੀਆਂ ਸਾਰੀਆਂ ਗਰੰਟੀਆਂ ਕਰੀਬ ਚਾਰ ਸਾਲਾਂ ਦੇ ਵਿੱਚ ਪੂਰੀਆਂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਜਿੱਥੇ ਸੂਬੇ ਦੇ 65 ਹਜਾਰ ਬੇਰੁਜਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉੱਥੇ ਹੀ ਸੂਬੇ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਦਾ ਲਾਭ ਸੂਬੇ ਦੇ 90 ਫੀਸਦੀ ਲੋਕਾਂ ਤੱਕ ਪਹੁੰਚਿਆ ਹੈ। ਇਸ ਤੋਂ ਇਲਾਵਾ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰੇਕ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦੀ ਮੁਫਤ ਸਿਹਤ ਸਹੂਲਤ ਦਾ ਲਾਭ ਦਿੱਤਾ ਜਾ ਰਿਹਾ ਹੈ।

ਵਿਧਾਇਕ ਨੇ ਕਿਹਾ ਕਿ ਸੂਬੇ ਦੇ ਲੋਕ ਪਹਿਲਾਂ ਕਰੀਬ 20 ਫੀਸਦੀ ਨਹਿਰੀ ਪਾਣੀ ਦਾ ਇਸਤੇਮਾਲ ਕਰਦੇ ਸਨ, ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦੇ ਸਦਕਾ ਅੱਜ ਕਰੀਬ 78 ਫੀਸਦੀ ਲੋਕ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ। ਜਿਸ ਦੇ ਕਾਰਨ ਧਰਤੀ ਹੇਠਲਾ ਪਾਣੀ ਬਚਿਆ ਹੈ ਅਤੇ ਉਸ ਦਾ ਲੈਵਲ ਵੀ ਉੱਪਰ ਆ ਗਿਆ ਹੈ। ਇਹ ਕਹਿਣ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਣ ਦੇ ਨਾਲ ਨਾਲ ਵਾਤਾਵਰਣ, ਪਾਣੀ ਅਤੇ ਹਵਾ ਨੂੰ ਬਚਾਉਣ ਦੇ ਲਈ ਵੀ ਵੱਡੇ ਯਤਨ ਕੀਤੇ ਹਨ।

——————————
This news is auto published from an agency/source and may be published as received.

Leave a Reply

Your email address will not be published. Required fields are marked *