
ਗੈਸ ਸਿਲੰਡਰ ਦੀ ਕਮੀ ਨਾਲ ਲੋਕ ਪਰੇਸ਼ਾਨ, ਕੇਂਦਰ ਸਰਕਾਰ ਨਾਕਾਮ – ਨਾਗਰਾ
ਮਹਿੰਗਾਈ ਨਾਲ ਨਾਲ ਗੈਸ ਕਮੀ ਨੇ ਵਧਾਈਆਂ ਮੁਸ਼ਕਲਾਂ – ਕਾਕਾ ਰਣਦੀਪ ਸਿੰਘ ਨਾਭਾ
ਮੱਧ ਵਰਗ ਤੇ ਗਰੀਬ ਵਰਗ ‘ਤੇ ਦੋਹਰਾ ਬੋਝ – ਸੁਰਿੰਦਰ ਸਿੰਘ ਰਾਮਗੜ੍ਹ
ਫਤਿਹਗੜ੍ਹ ਸਾਹਿਬ, ਰੂਪ ਨਰੇਸ਼:
ਜਿਲ੍ਹਾ ਕਾਂਗਰਸ ਕਮੇਟੀ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਰਹਿਨੁਮਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੇਂਦਰ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕ ਕੇ ਆਪਣਾ ਗੁੱਸਾ ਜਾਹਿਰ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।ਇਸ ਦੌਰਾਨ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ ਤੌਰ ‘ਤੇ ਸ਼ਾਮਿਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਦੇਸ਼ ਭਰ ਵਿੱਚ ਐਲ.ਪੀ.ਜੀ. ਗੈਸ ਦੀ ਭਾਰੀ ਕਮੀ ਕਾਰਨ ਆਮ ਲੋਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀ ਸਪਲਾਈ ਵਿੱਚ ਆ ਰਹੀ ਰੁਕਾਵਟ ਕਾਰਨ ਘਰੇਲੂ ਮਹਿਲਾਵਾਂ ਅਤੇ ਆਮ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਕਈ ਥਾਵਾਂ ‘ਤੇ ਲੋਕਾਂ ਨੂੰ ਲੰਬੇ ਸਮੇਂ ਤੱਕ ਗੈਸ ਸਿਲੰਡਰ ਉਪਲਬਧ ਨਹੀਂ ਹੋ ਰਹੇ, ਜਿਸ ਨਾਲ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਨਾਲ-ਨਾਲ ਹੁਣ ਐਲ.ਪੀ.ਜੀ. ਗੈਸ ਦੀ ਕਮੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ ਹੈ, ਪਰ ਸਰਕਾਰ ਇਸ ਮਾਮਲੇ ਵਿੱਚ ਕੋਈ ਗੰਭੀਰ ਕਦਮ ਨਹੀਂ ਚੁੱਕ ਰਹੀ।
ਉਨਾਂ ਕਿਹਾ ਕਿ ਐਲ.ਪੀ.ਜੀ. ਗੈਸ ਦੀ ਕਮੀ ਸਿਰਫ਼ ਪ੍ਰਬੰਧਕੀ ਨਾਕਾਮੀ ਨਹੀਂ, ਸਗੋਂ ਕੇਂਦਰ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾ ਕੇ ਝੂਠੇ ਵਾਅਦੇ ਅਤੇ ਪ੍ਰਚਾਰ ਵਿੱਚ ਲੱਗੀ ਹੋਈ ਹੈ, ਜਿਸ ਨਾਲ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਬਣ ਚੁੱਕੀ ਹੈ।
ਜਿਲ੍ਹਾ ਪ੍ਰੁਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੀਤੀਆਂ ਕਾਰਨ ਮੱਧ ਵਰਗ ਅਤੇ ਗਰੀਬ ਵਰਗ ‘ਤੇ ਦੋਹਰਾ ਬੋਝ ਪੈ ਰਿਹਾ ਹੈ—ਇੱਕ ਪਾਸੇ ਮਹਿੰਗਾਈ ਅਤੇ ਦੂਜੇ ਪਾਸੇ ਜ਼ਰੂਰੀ ਸਹੂਲਤਾਂ ਦੀ ਕਮੀ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਐਲ.ਪੀ.ਜੀ. ਗੈਸ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੀਮਤਾਂ ‘ਤੇ ਕਾਬੂ ਪਾਇਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦ ਹੀ ਐਲ.ਪੀ.ਜੀ. ਗੈਸ ਦੀ ਸਪਲਾਈ ਸੁਚੱਜੀ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਵੱਖ-ਵੱਖ ਫਰੰਟਲ ਸੰਗਠਨਾਂ,ਸੇਵਾ ਦਲ,ਮਹਿਲਾਂ ਕਾਂਗਰਸ, ਯੂਥ ਕਾਂਗਰਸ, ਕਿਸਾਨ ਸੈੱਲ, ਐੱਸ. ਸੀ ਸੈੱਲ, ਬੀ.ਸੀ ਸੈੱਲ ਤੇ ਜਿਲ੍ਹਾ ਕਾਂਗਰਸ ਕਮੇਟੀ,ਬਲਾਕ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
