ਰਾਜ ਕਰ ਵਿਭਾਗ ਵੱਲੋਂ ਜੀਐਸਟੀ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਇੱਕ ਫਰਮ ਦੇ ਮਾਲਕ ਵਿਰੁੱਧ ਵੱਡੀ ਕਾਰਵਾਈ

ਰਾਜ ਕਰ ਵਿਭਾਗ ਵੱਲੋਂ ਜੀਐਸਟੀ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਇੱਕ ਫਰਮ ਦੇ ਮਾਲਕ ਵਿਰੁੱਧ ਵੱਡੀ ਕਾਰਵਾਈ

ਫਰਮ ਦਾ ਜੀਐਸਟੀ ਰਜਿਸਟਰੇਸ਼ਨ ਕੈਂਸਲ, ਫਰਮ ਮਾਲਕ ਵਿਰੁੱਧ ਐਫਆਈਆਰ ਦਰਜ: ਸਹਾਇਕ ਕਮਿਸ਼ਨਰ ਰਾਜ ਕਰ

ਫਤਹਿਗੜ੍ਹ ਸਾਹਿਬ, 22 ਜਨਵਰੀ:

ਜੀ.ਐਸ.ਟੀ. ਵਿਭਾਗ ਵੱਲੋਂ ਛੋਟੇ ਵਪਾਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਰੂਲ 14 ਏ ਅਧੀਨ ਜੀ.ਐਸ.ਟੀ. ਰਜਿਸਟਰੇਸ਼ਨ ਦੀ ਸਹੂਲੀਅਤ ਮੁਹੱਈਆ ਕਰਵਾਈ ਗਈ ਹੈ। ਇਸ ਰੂਲ ਤਹਿਤ ਉਹ ਛੋਟੇ ਵਪਾਰੀ, ਜਿਨ੍ਹਾਂ ਦੀ ਪ੍ਰਤੀ ਮਹੀਨਾ ਟੈਕਸ ਦੇਣਯੋਗ ਰਕਮ 2.50 ਲੱਖ ਰੁਪਏ ਤੋਂ ਵੱਧ ਨਹੀਂ ਹੈ, ਇਸ ਆਟੋ ਅਪਰੂਵਲ ਪ੍ਰਕਿਰਿਆ ਅਧੀਨ ਜੀ.ਐਸ.ਟੀ. ਰਜਿਸਟਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ। ਇਸ ਰੂਲ ਅਧੀਨ ਅਪਲਾਈ ਕਰਨ ਵਾਲੇ ਯੋਗ ਵਪਾਰੀਆਂ ਨੂੰ ਉਸੇ ਦਿਨ ਜੀ.ਐਸ.ਟੀ. ਨੰਬਰ ਪ੍ਰਵਾਨ ਹੋ ਕੇ ਜਾਰੀ ਹੋ ਜਾਂਦਾ ਹੈ, ਜਿਸ ਨਾਲ ਵਪਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣਾ ਵਪਾਰ ਕਾਨੂੰਨੀ ਤੌਰ ’ਤੇ ਸ਼ੁਰੂ ਕਰਨ ਵਿੱਚ ਸਹੂਲਤ ਮਿਲਦੀ ਹੈ। ਇਹ ਸਕੀਮ ਸਰਕਾਰ ਵੱਲੋਂ 01 ਨਵੰਬਰ 2025 ਤੋਂ ਲਾਗੂ ਕੀਤੀ ਗਈ ਹੈ, ਜਿਸਦਾ ਮਕਸਦ ਛੋਟੇ ਵਪਾਰੀਆਂ ਨੂੰ ਉਤਸ਼ਾਹਿਤ ਕਰਨਾ, ਰਜਿਸਟਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ। ਪ੍ਰੰਤੂ ਇਸ ਸਕੀਮ ਦਾ ਲਾਭ ਕੋਈ ਸ਼ਰਾਰਤੀ ਅਨਸਰ ਨਾ ਲੈ ਜਾਵੇ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਮਾਨਯੋਗ ਸ੍ਰੀ ਅਜੀਤ ਬਾਲਾਜੀ ਜੋਸ਼ੀ ਪ੍ਰਬੰਧਕੀ ਸਕੱਤਰ ਕਰ ਵਿਭਾਗ, ਸ੍ਰੀ ਜਤਿੰਦਰ ਜੋਰਵਾਲ, ਕਰ ਕਮਿਸ਼ਨਰ ਪੰਜਾਬ ਅਤੇ ਸ੍ਰੀਮਤੀ ਰਣਧੀਰ ਕੌਰ ਉਪ ਕਮਿਸ਼ਨਰ ਰਾਜ ਕਰ ਲੁਧਿਆਣਾ ਮੰਡਲ ਵੱਲੋ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੌਰਾਨ ਮਿਸ ਜੀਤਪਾਲ ਕੌਰ ਸਹਾਇਕ ਕਮਿਸ਼ਨਰ ਰਾਜ ਕਰ ਫਤਹਿਗੜ੍ਹ ਸਾਹਿਬ ਵੱਲੋਂ ਮੈਸ ਮਹਿਕ ਇੰਟਰਪ੍ਰਾਈਸਜ਼ ਜੀ.ਐਸ.ਟੀ. ਨੰਬਰ 03LYDPS2781N1ZP ਦੇ ਮਾਲਕ ਖਿਲਾਫ ਐਫ.ਆਈ.ਆਰ ਨੰਬਰ 27 ਮਿਤੀ 21.01.2026 ਨੂੰ ਪਰਚਾ ਦਰਜ ਕਰਵਾਇਆ ਗਿਆ ਹੈ।

ਜੀਤਪਾਲ ਕੌਰ ਸਹਾਇਕ ਕਮਿਸ਼ਨਰ ਰਾਜ ਕਰ ਨੇ ਦੱਸਿਆ ਕਿ ਇਸ ਫਰਮ ਨੇ ਰੂਲ 14 ਏ ਅਧੀਨ ਜੀ.ਐਸ.ਟੀ. ਨੰਬਰ ਪ੍ਰਾਪਤ ਕਰਨ ਉਪਰੰਤ ਬਿਨ੍ਹਾਂ ਕਿਸੇ ਪ੍ਰਚੇਜ਼ ਦੇ ਲਗਭਗ 26.12 ਕਰੋੜ ਰੁਪਏ ਦੇ ਈ—ਵੇਅ ਬਿਲ ਜਾਰੀ ਕੀਤੇ, ਜਿਸ ਉੱਤੇ ਕਰੀਬ 4.70 ਕਰੋੜ ਰੁਪਏ ਦਾ ਟੈਕਸ ਬਣਦਾ ਹੈ, ਜੋ ਕਿ ਇਹ ਕਾਰਵਾਈ ਸਪੱਸ਼ਟ ਤੌਰ ’ਤੇ ਰੂਲ 14 ਏ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਰਮ ਵੱਲੋਂ ਜੀ.ਐਸ.ਟੀ. ਰਜਿਸਟਰੇਸ਼ਨ ਲਈ ਅਪਲਾਈ ਕਰਨ ਸਮੇਂ ਕਿਰਾਇਆ ਨਾਮਾ ਜਾਅਲੀ ਅਪਲੋਡ ਕੀਤਾ ਗਿਆ ਸੀ। ਇਨ੍ਹਾਂ ਗੰਭੀਰ ਉਲੰਘਣਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਫਰਮ ਦਾ ਜੀ.ਐਸ.ਟੀ. ਰਜਿਸਟਰੇਸ਼ਨ ਕੈਂਸਲ ਕਰ ਦਿੱਤਾ ਗਿਆ ਹੈ।

ਜੀਤਪਾਲ ਕੌਰ ਸਹਾਇਕ ਕਮਿਸ਼ਨਰ ਰਾਜ ਕਰ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਕੁਝ ਸਾਇਬਰ ਕੈਫੇ ਸੰਚਾਲਕ ਜੀ.ਐਸ.ਟੀ. ਦੇ ਇਸ ਰੂਲ ਦੀ ਉਲੰਘਣਾ ਕਰਨ ਵਿੱਚ ਆਮ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਗਲਤ ਤਰੀਕੇ ਨਾਲ ਰੂਲ 14 ਏ ਅਧੀਨ ਜੀ.ਐਸ.ਟੀ. ਨੰਬਰ ਦਵਾਉਣ ਵਿੱਚ ਸਹਾਇਤਾ ਕਰ ਰਹੇ ਹਨ। ਜੀ.ਐਸ.ਟੀ. ਵਿਭਾਗ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਅਤੇ ਜਾਅਲੀ ਬਿਲਿੰਗ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਾਲ 2025—26 ਦੌਰਾਨ ਸਟੇਟ ਜੀ.ਐਸ.ਟੀ. ਵਿਭਾਗ ਜਿਲ੍ਹਾ ਫਤਹਗਿੜ੍ਹ ਸਾਹਿਬ ਵੱਲੋਂ ਟੈਕਸ ਚੋਰੀ ਕਰਨ ਵਾਲਿਆ ਖਿਲਾਫ ਇਸ ਤੋਂ ਪਹਿਲਾਂ ਤਿੰਨ ਹੋਰ ਐਫ.ਆਈ.ਆਰਾਂ ਵੀ ਦਰਜ ਕਰਵਾਈਆਂ ਗਈਆਂ। ਉੱਚ ਅਧਿਕਾਰੀਆਂ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

——————————
This news is auto published from an agency/source and may be published as received.

Leave a Reply

Your email address will not be published. Required fields are marked *