ਰੁਪਿੰਦਰ ਕੌਰ ਕੈਨੇਡਾ ਤੋਂ ਪੜ੍ਹ ਕੇ ਆਈ ਸੀ ਕ੍ਰਿਮੀਨੋਲੌਜੀ ਪੰਜਾਬ ਪੁਲਿਸ ਨੇ ਦੱਸੀ ਸਾਰੀ ਕਹਾਣੀ

ਫ਼ਰੀਦਕੋਟ, 11 ਦਸੰਬਰ (ਨਿਊਜ਼ ਟਾਊਨ ਨੈਟਵਰਕ) : 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫ਼ਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਇਕ ਔਰਤ ਰੁਪਿੰਦਰ ਕੌਰ ਜੋ ਅੱਧੀ ਰਾਤ ਨੂੰ ਆਪਣੇ ਆਸ਼ਕ ਨੂੰ ਘਰ ਸੱਦ ਕੇ ਉਸ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੰਦੀ ਹੈ, ਜਿਸ ਨੂੰ ਬਾਅਦ ‘ਚ ਲੁੱਟ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਰੁਪਿੰਦਰ ਦਾ ਆਸ਼ਕ ਹਰਕੰਵਲ ਪ੍ਰੀਤ ਮੌਕੇ ਤੋਂ ਘਰ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ ਸੀ। ਜਦ ਇਸ ਕ਼ਤਲ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ ਤਾਂ ਹਾਲਾਤ ਮੁਤਾਬਕ ਸਿੱਧਾ ਸ਼ੱਕ ਰੁਪਿੰਦਰ ਕੌਰ ‘ਤੇ ਗਿਆ ਜਿਸ ਨੂੰ ਮੌਕੇ ‘ਤੇ ਪੁਲਿਸ ਨੇ ਕਾਬੂ ਕਰ ਲਿਆ। ਫਿਰ ਜਾਂਚ ਦਾ ਸਿਲਸਿਲਾ ਸ਼ੁਰੂ ਹੋਣ ‘ਤੇ ਸਾਰੀ ਕਹਾਣੀ ਸਾਹਮਣੇ ਆਈ। ਇਸ ਦੌਰਾਨ ਰੁਪਿੰਦਰ ਦੇ ਫ਼ਰਾਰ ਪ੍ਰੇਮੀ ਨੂੰ ਫੜਨ ਲਈ ਪੁਲਿਸ ਦਾ ਦਬਾਅ ਉਸ ਦੇ ਪਰਿਵਾਰ ‘ਤੇ ਪੈਣ ਦੇ ਚੱਲਦੇ ਦੋ ਦਿਨਾਂ ਬਾਅਦ ਹਰਕੰਵਲ ਪ੍ਰੀਤ ਫ਼ਰੀਦਕੋਟ ਦੀ ਅਦਾਲਤ ‘ਚ ਆਤਮ ਸਮਰਪਣ ਕਰ ਦਿੰਦਾ ਹੈ। ਬਾਅਦ ‘ਚ ਇਨ੍ਹਾਂ ਦੇ ਇਕ ਹੋਰ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼ਿਵਜੀਤ ਸਿੰਘ ਨਾਮੀ ਯੁਵਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਉਸ ਰਾਤ ਕਿਸੇ ਦੀ ਕਾਰ ਉਧਾਰੀ ਮੰਗ ਕੇ ਹਰਕੰਵਲ ਪ੍ਰੀਤ ਨਾਲ ਰੁਪਿੰਦਰ ਦੇ ਪਿੰਡ ਪੁੱਜਿਆ ਸੀ। ਹਾਲਾਂਕਿ ਇਸ ਕਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵਲੋਂ ਬਹੁਤ ਕੁਝ ਕਿਹਾ ਗਿਆ ਜਿਸ ‘ਚ ਕੁੱਝ ਗੱਲਾਂ ਸੱਚ ਅਤੇ ਕੁੱਝ ਅਫ਼ਵਾਹਾਂ ਨੇ ਪੂਰਾ ਜੋਰ ਫੜਿਆ ਜਿਸ ਨੂੰ ਵਿਰਾਮ ਲਗਾਉਂਦੇ ਹੋਏ ਡੀ.ਆਈ.ਜੀ. ਫ਼ਰੀਦਕੋਟ ਰੇਂਜ ਮੈਡਮ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਕਈ ਆਹਿਮ ਸਬੂਤ ਮਿਲੇ। ਜਿਸ ਤੋਂ ਪਤਾ ਲੱਗਾ ਕੇ ਹਰਕੰਵਲ ਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸਨ, ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਨ੍ਹਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ‘ਤੇ ਵੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸ ਦੇ ਕਤਲ ਦੀ ਸਾਜ਼ਿਸ਼ ਘੜੀ ਕਿਉਂਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸ ਨੂੰ ਤਲਾਕ ਨਹੀਂ ਦੇਵੇਗਾ ਅਤੇ ਉਹ ਇਕ ਨਹੀਂ ਹੋ ਸਕਣਗੇ। ਹੱਤਿਆ ਸਮੇਂ ਗੁਰਵਿੰਦਰ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ ,ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ, ਜੋ ਪੋਸਟ ਮਾਰਟਮ ਦੀ ਰਿਪੋਰਟ ‘ਚ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਕ ਉਸ ਦੀ ਹੱਤਿਆ ਸਾਹ ਘੁੱਟਣ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੱਤਿਆ ਤੋਂ ਪਹਿਲਾਂ ਨਸ਼ੇ ਜਾਂ ਜ਼ਹਿਰ ਦੇਣ ਸਬੰਧੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਦ ਗੁਰਵਿੰਦਰ ਦੀ ਹੱਤਿਆ ਸਮੇਂ ਉਸਦੇ ਤਨ ‘ਤੇ ਕੱਪੜੇ ਕਿਉਂ ਨਹੀਂ ਸਨ। ਇਸ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ ‘ਚੋ ਗਾਇਬ ਸੋਨਾ,ਗੁਰਵਿੰਦਰ ਦੇ ਕੱਪੜੇ ਅਤੇ ਹੱਤਿਆ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੱਤਿਆ ਤੋਂ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉਥੋਂ ਮੁੰਬਈ ਜਾਣਾ ਉਨ੍ਹਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ। ਉਨ੍ਹਾਂ ਵੱਡੀ ਗੱਲ ਤੋਂ ਪਰਦਾ ਚੁਕਦੇ ਕਿਹਾ ਕਿ ਰੁਪਿੰਦਰ ਖੁਦ ਕ੍ਰਾਇਮੋਲੋਜੀ ਦੀ ਪੜ੍ਹਈ ਕਰ ਚੁੱਕੀ ਹੈ ਜਿਸ ਕਾਰਨ ਉਸ ਦੇ ਸ਼ਾਤਿਰ ਦਿਮਾਗ ‘ਚ ਅਜਿਹੀ ਸਾਜ਼ਿਜ਼ ਉਪਜੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ, ਜਿਸ ਨੂੰ ਇੰਨੀ ਜਲਦੀ ਮੁਕੱਮਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦੀ ਵੀ ਆਸ਼ੰਕਾ ਜਾਹਰ ਕਰਦਾ ਹੈ, ਉਸ ਦੀ ਜਾਂਚ ਕਰ ਕੇ ਸੱਚਾਈ ਜਾਣਨ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਅਗਰ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ। ਉਸ ਨੂੰ ਵੀ ਇਸ ਮਾਮਲੇ ‘ਚ ਨਾਮਜ਼ਦ ਕੀਤਾ ਜਾਵੇਗਾ।

——————————
This news is auto published from an agency/source and may be published as received.

Leave a Reply

Your email address will not be published. Required fields are marked *