

ਮਲੇਰਕੋਟਲਾ 10 ਦਸੰਬਰ: ਲਾਗਲੇ ਪਿੰਡ ਦਸੌਂਧਾ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਫਿਲੀਪੀਨ ਦੇ ਰੋਟਰੀ ਕਲੱਬ ਬਕੋਲਡ ਨਾਰਥ ਅਤੇ ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਵਿਦਿਆਰਥੀਆਂ ਦੇ ਦੰਦਾਂ ਦੇ ਚੈਕਅਪ ਸਬੰਧੀ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 400 ਤੋਂ ਵੱਧ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਕੇ ਟੁੱਟ ਪੇਸਟ ਵੰਡੇ ਗਏ। ਸਕੂਲ ਸਟਾਫ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਡਾਕਟਰਾਂ ਦੀ ਟੀਮ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਸਕੂਲ ਵਿੱਚ ਪਹੁੰਚਣ ਤੇ ਸਵਾਗਤ ਕੀਤਾ।ਇਸ ਕੈਂਪ ਵਿੱਚ ਦੰਦਾਂ ਦੇ ਮਸ਼ਹੂਰ ਡਾਕਟਰ ਰਿਟਾਇਰਡ ਸੀ ਐਮ ਓ ਮੁਹੰਮਦ ਸ਼ਬੀਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸਫਾਈ ਸਬੰਧੀ ਜੇਕਰ ਚੰਗੀਆਂ ਆਦਤਾਂ ਬਚਪਨ ਵਿੱਚ ਹੀ ਆਪਣਾ ਲਵਾਂਗੇ ਤਾਂ ਸਾਨੂੰ ਜ਼ਿੰਦਗੀ ਭਰ ਦੰਦਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਹਨਾਂ ਵਿਦਿਆਰਥੀਆਂ ਨੂੰ ਦੰਦਾਂ ਦੀ ਸਫਾਈ ਦੇ ਢੰਗ ਤਰੀਕਿਆਂ ਅਤੇ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ। ਕੈਂਪ ਦੇ ਮੁੱਖ ਮਹਿਮਾਨ ਸ੍ਰੀ ਦਵਿੰਦਰ ਸਿੰਘ ਸਿੰਦੀ ਬਾਪਲਾ ਨੇ ਕਿਹਾ ਕਿ ਜੇਕਰ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕ ਮਿਲ ਕੇ ਵਿਦਿਆਰਥੀਆਂ ਦੀ ਸਿਹਤ ਅਤੇ ਸਰੀਰਕ ਜਾਂਚ ਸਬੰਧੀ ਕੈਂਪਾਂ ਦਾ ਆਯੋਜਨ ਲਗਾਤਾਰ ਕਰਦੇ ਰਹਿਣ ਤਾਂ ਸਮਾਜ ਦਾ ਇੱਕ ਵੱਡਾ ਵਰਗ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਰਹੇਗਾ।ਰੋਟਰੀ ਕਲੱਬ ਬਕੋਲਡ ਨਾਰਥ ਦੇ ਪ੍ਰਧਾਨ ਰਵਿੰਦਰ ਸਿੰਘ ਵਿਕ ਅਤੇ ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਦਾ ਡੈਂਟਲ ਚੈਕਅਪ ਕੈਂਪ ਦੋ ਦੇਸ਼ਾਂ ਦੀਆਂ ਰੋਟਰੀ ਕਲੱਬਾਂ ਦਾ ਸਾਂਝਾ ਉਦਮ ਹੈ ਜੋ ਕਿ ਮਲੇਰਕੋਟਲਾ ਵਿੱਚ ਇੱਕ ਨਵੀਂ ਪਹਿਲ ਹੈ ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਦੋਵੇਂ ਕਲੱਬਾਂ ਮਿਲ ਕੇ ਸਾਂਝੇ ਪ੍ਰੋਜੈਕਟ ਉਲੀਕਦੀਆਂ ਰਹਿਣਗੀਆਂ ਤਾਂ ਕਿ ਸਮਾਜ ਨੂੰ ਵੱਧ ਤੋਂ ਵੱਧ ਲਾਭ ਪਹੁੰਚ ਸਕੇ। ਇਸ ਕੈਂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੌਂਧਾ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਦਸੌਂਧਾ ਸਿੰਘ ਵਾਲਾ, ਸਰਕਾਰੀ ਮਿਡਲ ਸਕੂਲ ਬਾਪਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਪਲਾ ਦੇ ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ। ਰੋਟਰੀ ਕਲੱਬ ਮਾਲੇਰਕੋਟਲਾ ਦੇ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਨੇ ਸਕੂਲ ਦੇ ਸਟਾਫ ਅਤੇ ਪੰਚਾਇਤ ਮੈਂਬਰਾਂ ਦਾ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਮਾਸਟਰ ਸੁਖਜੀਤ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਤੇ ਰੋਟਰੀ ਕਲੱਬ ਮਲੇਰਕੋਟਲਾ ਦੇ ਕੈਸ਼ੀਅਰ ਮੁਹੰਮਦ ਜਮੀਲ, ਡਾਕਟਰ ਸਨਾ ਤਨਵੀਰ, ਲੈਕਚਰਰ ਜਗਤਾਰ ਸਿੰਘ, ਬੇਅੰਤ ਸਿੰਘ ਸੇਖੋ, ਕੇਵਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਮਨੀਲਾ ਅਤੇ ਗੁਰਬਖਸ਼ ਸਿੰਘ ਬਾਪਲਾ ਵੀ ਹਾਜ਼ਰ ਸਨ ।
——————————
This news is auto published from an agency/source and may be published as received.
