
ਪੀ.ਸੀ.-ਪੀ.ਐਨ.ਡੀ.ਟੀ. ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ’ਤੇ ਦਿਤਾ ਜ਼ੋਰ
ਚੰਡੀਗੜ੍ਹ, 3 ਦਸੰਬਰ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੀ-ਕੰਸੈਪਸ਼ਨ ਅਤੇ ਪ੍ਰੀ-ਨੇਟਲ ਡਾਇਗਨੌਸਟਿਕ ਤਕਨੀਕਾਂ (ਲਿੰਗ ਜਾਂਚ ‘ਤੇ ਪਾਬੰਦੀ) ਐਕਟ (ਪੀਸੀ-ਪੀਐਨਡੀਟੀ) ’ਤੇ ਇੱਕ ਸੂਬਾ ਪੱਧਰੀ ਸਮਰੱਥਾ ਨਿਰਮਾਣ ਵਰਕਸ਼ਾਪ ਦੀ ਪ੍ਰਧਾਨਗੀ ਕਰਦੇ ਹੋਏ ਸਾਰੇ ਸਿਵਲ ਸਰਜਨਾਂ ਅਤੇ ਸਿਹਤ ਸੰਭਾਲ ਕਾਮਿਆਂ ਤੋਂ ਲੈ ਕੇ ਆਸ਼ਾ ਵਰਕਰਾਂ ਨੂੰ ਗਰਭ ਅਵਸਥਾ ਦੌਰਾਨ ਨਿਗਰਾਨੀ ਕਰਨ ਅਤੇ ਲਿੰਗ ਨਿਰਧਾਰਣ ਸਬੰਧੀ ਅਨੈਤਿਕ ਅਮਲ ਨੂੰ ਠੱਲ੍ਹ ਪਾਉਣ ਲਈ ਨਿਰੰਤਰ ਚੌਕਸੀ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਸਰਗਰਮੀ ਨਾਲ ਹਰ ਗਰਭਵਤੀ ਔਰਤ ਦੀ ਟਰੈਕਿੰਗ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇੱਕ ਬੱਚੀ ਨੂੰ ਗਰਭ ਵਿੱਚ ਮਾਰਨ ਤੋਂ ਵੱਡਾ ਹੋਰ ਕੋਈ ਅਪਰਾਧ ਨਹੀਂ ਹੈ। ਪੀਸੀ-ਪੀਐਨਡੀਟੀ ਐਕਟ- ਜੋ ਕਿ 1994 ਵਿੱਚ ਲਾਗੂ ਕੀਤਾ ਗਿਆ ਸੀ ਅਤੇ ਲਿੰਗ ਨਿਰਧਾਰਨ ਲਈ ਡਾਕਟਰੀ ਤਕਨਾਲੋਜੀ ਦੀ ਦੁਰਵਰਤੋਂ ਨੂੰ ਰੋਕਣ ਲਈ 2003 ਵਿੱਚ ਮਜ਼ਬੂਤ ਕੀਤਾ ਗਿਆ ਸੀ, ਦੀ ਮਹੱਤਤਾ ਤੇ ਜੋਰ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਕਾਨੂੰਨ ਉਦੋਂ ਹੀ ਪ੍ਰਭਾਵੀ ਤੇ ਅਸਰਦਾਰ ਸਿੱਧ ਹੁੰਦਾ ਹੈ, ਜਦੋਂ ਸਮਾਜ ਵੱਲੋਂ ਪੂਰੀ ਸੁਹਿਰਦਤਾ ਨਾਲ ਇਸਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਯਾਦ ਦਿਵਾਇਆ ਕਿ ਕਿਸੇ ਵੀ ਵਿਅਕਤੀ ਨੂੰ ਅਣਜੰਮੇ ਬੱਚੇ ਦਾ ਲਿੰਗ ਜਾਣਨ ਦੀ ਇਜਾਜ਼ਤ ਨਹੀਂ ਹੈ ਅਤੇ ਕਿਸੇ ਵੀ ਡਾਕਟਰ ਜਾਂ ਕਲੀਨਿਕ ਨੂੰ ਭਰੂਣ ਸਬੰਧੀ ਕੋਈ ਜਾਣਕਾਰੀ ਦੇਣ ਦੀ ਇਜਾਜ਼ਤ ਨਹੀਂ ਹੈ। ਡਾ. ਬਲਬੀਰ ਸਿੰਘ ਨੇ ਚਿੰਤਾ ਪ੍ਰਗਟਾਈ ਕਿ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਵਿੱਚ ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ਵਿਚ ਭਾਰੀ ਅਸੰਤੁਲਨ ਦੇਖਿਆ ਗਿਆ ਹੈ, ਜੋ ਚਿੰਤਾਜਨਕ ਹੈ। ਸਮਾਜਿਕ ਭੇਦ-ਭਾਵ, ਸੌੜੀ ਮਾਨਸਿਕਤਾ ਅਤੇ ਲੜਕੀ ਭਰੂਣ ਹੱਤਿਆ ਵਰਗੇ ਅਣਮਨੁੱਖੀ ਅਮਲ ਹੀ ਇਸਦਾ ਕਾਰਨ ਹਨ। ਸਿਵਲ ਰਜਿਸਟਰੇਸ਼ਨ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਜਨਮ ਸਮੇਂ ਲਿੰਗ ਅਨੁਪਾਤ ਸਾਲ 2021-22 ਵਿੱਚ 1000 ਮਰਦਾਂ /906 ਔਰਤਾਂ ਤੋਂ ਸੁਧਰ ਕੇ ਸਾਲ 2023 ਵਿੱਚ 1000 ਮਰਦਾਂ /922 ਔਰਤਾਂ ਅਤੇ ਸਾਲ 2024 ਵਿੱਚ 1000/921 ਹੋ ਗਿਆ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ 2,092 ਰਜਿਸਟਰਡ ਅਲਟਰਾਸਾਊਂਡ ਸੈਂਟਰ ਹਨ, ਜਿਨ੍ਹਾਂ ਦਾ 2025-26 ਦੌਰਾਨ 2,703 ਵਾਰ ਨਿਰੀਖਣ ਕੀਤਾ ਗਿਆ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ 13 ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਉਨ੍ਹਾਂ ਦੁਹਰਾਇਆ ਕਿ ਪੀਸੀ-ਪੀਐਨਡੀਟੀ ਐਕਟ ਦੇ ਉਪਬੰਧਾਂ ਦੀ ਉਲੰਘਣਾ ਕਰਨ ਵਾਲੇ ਅਲਟਰਾਸਾਊਂਡ ਸੈਂਟਰਾਂ ਨੂੰ ਲਾਇਸੈਂਸ ਰੱਦ ਕਰਨ ਤੋਂ ਲੈ ਕੇ ਕਾਨੂੰਨੀ ਜੁਰਮਾਨੇ ਤੱਕ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬਦਲਾਅ ਨੂੰ ਹੋਰ ਪੱਕੇ ਪੈਰੀਂ ਉਭਾਰਨ ਲਈ ਕੁੜੀਆਂ ਦੀਆਂ ਪ੍ਰਾਪਤੀਆਂ ਨੂੰ ਰੋਲ ਮਾਡਲ ਵਜੋਂ ਪੇਸ਼ ਕਰਨ। ਉਨ੍ਹਾਂ ਕਿਹਾ,“ ਲੜਕੀ ਸਿਰਫ਼ ਇੱਕ ਲਿੰਗ ਨਹੀਂ ਹੈ – ਉਹ ਇੱਕ ਪਰਿਵਾਰ ਦਾ ਮਾਨ ਹੈ, ਸਮਾਜ ਦੀ ਆਨ ਹੈ ਅਤੇ ਮਨੁੱਖਤਾ ਦਾ ਧੁਰਾ ਹੈ,” । ਉਨ੍ਹਾਂ ਇਹ ਵੀ ਕਿਹਾ ਕਿ ਕੁੱਖ ਵਿੱਚ ਕੁੜੀ ਨੂੰ ਮਾਰਨ ਵਾਲੀ ਸੋਚ ਸਿਰਫ਼ ਇੱਕ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਦੇ ਸੰਤੁਲਨ ਤੇ ਮਾੜਾ ਅਸਰ ਪਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਪੀਸੀ-ਪੀਐਨਡੀਟੀ ਐਕਟ ਵਰਗੀਆਂ ਮੁਹਿੰਮਾਂ ਸਮਾਜਿਕ ਤੌਰ ’ਤੇ ਪ੍ਰਗਤੀਸ਼ੀਲ ਭਵਿੱਖ ਦੀ ਰੀੜ੍ਹ ਹਨ।
This news is auto published from an agency/source and may be published as received.
