ਸਿਹਤ ਵਿਭਾਗ ਐਨ.ਐਚ.ਐਮ ਕਰਮਚਾਰੀਆਂ ਨੂੰ ਮਹੀਨਾ ਲੰਘਣ ਦੇ ਬਾਵਜੂਦ ਤਨਖਾਹਾਂ ਨਾ ਮਿਲਣ ਕਾਰਨ ਪਏ ਘਰ ਘਰ ਰੋਟੀ ਦੇ ਲਾਲੇ- ਹਰਪਾਲ ਸਿੰਘ ਸੋਢੀ

ਫ਼ਤਹਿਗੜ੍ਹ ਸਾਹਿਬ, ਰੂਪ  ਨਰੇਸ਼: ਅੱਜ ਠੇਕਾ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਪ੍ਰਤੀ ਰੋਸ਼ ਪ੍ਰਗਟ ਕੀਤਾ ਗਿਆ। ਇਸ ਰੋਸ਼ ਦਾ ਕਾਰਨ ਦੱਸਦਿਆਂ ਠੇਕਾ ਕਰਮਚਾਰੀਆਂ ਨੇ ਕਿਹਾ ਕਿ ਅਪ੍ਰੈਲ ਮਹੀਨਾ ਤਕਰੀਬਨ ਹਰ ਘਰ ਖਰਚਿਆਂ ਨਾਲ ਭਰਿਆ ਹੁੰਦਾ ਹੈ‌। ਕਿਉਂਕਿ ਇਸ ਮਹੀਨੇ ਬੱਚਿਆਂ ਦੇ ਦਾਖ਼ਲੇ, ਕਿਤਾਬਾਂ ਅਤੇ ਵਰਦੀਆਂ ਦੀ ਖਿਰੋਦੋ ਫਰੋਖਤ,ਘਰ ਲਈ ਰਾਸ਼ਨ, ਕਣਕ ਦੀ ਖਰੀਦ ਆਦਿ ਉਪਰ ਬਹੁਤ ਪੈਸਾ ਖਰਚ ਹੋਣ ਕਾਰਨ ਘਰ ਦਾ ਬੱਜਟ ਬਹੁਤ ਜ਼ਿਆਦਾ ਹੁੰਦਾ ਹੈ। ਜੇਕਰ ਇਸੇ ਹੀ ਮਹੀਨੇ ਠੇਕਾ ਕਰਮਚਾਰੀਆਂ ਨੂੰ ਤਨਖਾਹ ਨਾ ਮਿਲੇ, ਜਿਨ੍ਹਾਂ ਦੀ ਤਨਖਾਹ ਪਹਿਲਾਂ ਹੀ ਨਾ ਮਾਤਰ ਹੁੰਦੀ ਹੈ ਤਾਂ ਸੋਚੋ ਉਸ ਘਰ ਦੇ ਕੀ ਹਾਲਾਤ ਹੋਣਗੇ। ਇਸ ਵਕਤ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਦਸ ਹਜ਼ਾਰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਕਾਰਨ ਰੋਟੀ ਦੇ ਲਾਲੇ ਪਏ ਹੋਏ ਹਨ। ਇਸ ਕਰਕੇ ਠੇਕਾ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਪ੍ਰਤੀ ਰੋਸ਼ ਪ੍ਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਪੰਜਾਬ ਦੀਆਂ ਮਾੜੀਆਂ ਨੀਤੀਆਂ ਕਾਰਨ ਸਿਹਤ ਵਿਭਾਗ ਐਨ.ਐਚ.ਐਮ ਅਧੀਨ ਕੰਮ ਕਰਦੇ ਬਲਾਕ ਪੱਧਰ ਦੇ ਕੱਚੇ ਮੁਲਾਜਮਾਂ ਨੂੰ ਹਰ ਵਾਰ ਤਨਖਾਹ ਮਹੀਨੇ ਦੀ 25 ਤਾਰੀਖ ਦੇ ਆਸਪਾਸ ਮਿਲਦੀ ਹੈ ਅਤੇ ਜ਼ਿਲ੍ਹਾ ਪੱਧਰ ਦੇ ਮੁਲਾਜ਼ਮਾਂ ਨੂੰ ਵੀ ਬਹੁਤ ਲੇਟ ਮਿਲਦੀ ਹੈ ਕਿਉਂਕਿ ਐਨ.ਐਚ ਐਮ ਦੇ ਵਿੱਤ ਵਿਭਾਗ ਪੰਜਾਬ ਵੱਲੋਂ ਹਰ ਮਹੀਨੇ ਤਨਖਾਹਾਂ ਲਈ ਫੰਡ ਹਰ ਮਹੀਨੇ ਜਿਲਿਆਂ ਨੂੰ ਲੇਟ ਜਾਰੀ ਕੀਤਾ ਜਾਂਦਾ ਹੈ। ਜਿਸ ਕਰਕੇ ਬਹੁਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਐਨ.ਐਚ ਐਮ ਕਰਮਚਾਰੀਆਂ ਨੂੰ ਤਨਖਾਹਾਂ ਲੇਟ ਮਿਲਣ ਕਾਰਨ ਘਰ ਦਾ ਗੁਜਾਰਾ ਚਲਾਉਣ ਲਈ ਭਾਰੀ ਮੁਸ਼ਕਿਲ ਪੇਸ਼ ਆਉਂਦੀਆਂ ਹਨ। ਇਸ ਕਰਕੇ ਐਨ.ਐਚ.ਐਮ ਦੇ ਕੱਚੇ ਕਰਮਚਾਰੀ ਭਾਰੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਸੋਢੀ ਜਿਲਾ ਪ੍ਰਧਾਨ ਐਨ.ਐਚ.ਐਮ ਇੰਪਲਾਇਜ ਯੂਨੀਅਨ ਫ਼ਤਹਿਗੜ੍ਹ ਸਾਹਿਬ ਨੇ ਕਿਹਾ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਮਹੀਨਾ ਮਾਰਚ 2025 ਦੀ ਤਨਖਾਹ ਦੇਣ ਲਈ ਫੰਡ ਦੇਣ ਸਬੰਧੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਕੱਚੇ ਕਰਮਚਾਰੀਆਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਰੱਝ ਕੇ ਅਣਗੌਲਿਆਂ ਕੀਤਾ ਹੈ ਅਤੇ ਮੋਜੂਦਾ ਸਰਕਾਰ ਦੀ ਨੀਤੀਆਂ ਨੇ ਕੱਚੇ ਕਰਮਚਾਰੀਆਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਕਰਮਚਾਰੀਆਂ ਨੂੰ ਪੱਕੇ ਕਰਨਾ ਤਾਂ ਦੂਰ ਦੀ ਗੱਲ ਹੈ ਬਲਕਿ ਸਰਕਾਰ ਸਮੇਂ ਸਿਰ ਤਨਖਾਹਾਂ ਦੇਣ ਤੋਂ ਅਸਮਰੱਥ ਜਾਪਦੀ ਹੈ। ਕਰਮਚਾਰੀਆਂ ਦੀ ਮੰਗ ਹੈ ਕਿ ਐਨ.ਐਚ.ਐਮ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ ਅਤੇ ਤਨਖਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ। ਉਹਨਾਂ ਕਿਹਾ ਮੰਗਾਂ ਦਾ ਢੁਕਵਾਂ ਹੱਲ ਸਮੇ ਸਿਰ ਨਾ ਹੋਣ ਦੀ ਸੂਰਤ ਵਿਚ ਅੱਕੇ ਹੋਏ ਐਨ.ਐਚ.ਐਮ ਕਰਮਚਾਰੀ ਲੁਧਿਆਣਾ ਦੀ ਉਪ ਚੋਣ ਦੌਰਾਨ ਮੌਜੂਦਾ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨ ਲਈ ਮਜਬੂਰ ਹੋ ਜਾਣਗੇ ਅਤੇ ਜਲਦ ਹੀ ਕਲ਼ਮ ਛੋੜ ਹੜਤਾਲ ਵੀ ਕਰਨਗੇ।

ਇਸ ਮੌਕੇ ਡਾਕਟਰ ਕਸੀਤਿਜ ਸੀਮਾ, ਪਰਮਜੀਤ ਕੌਰ, ਡਾਕਟਰ ਨੀਲ ਕਮਲ, ਸੰਦੀਪ ਕੈਂਥ, ਵਿੱਕੀ ਵਰਮਾ, ਹਰਦੀਪ ਸਿੰਘ, ਅਨਿਲ ਕੁਮਾਰ, ਮਨੀਸ਼ ਕੁਮਾਰ, ਜਸਵੀਰ ਸਿੰਘ ਅਤੇ ਹਰਪਾਲ ਸਿੰਘ ਸੋਢੀ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ