ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ ਦਾ ਡੇਢ ਲੱਖ ਰੁਪਏ ਤੱਕ ਦਾ ਕੀਤਾ ਜਾਂਦਾ ਹੈ ਮੁਫਤ ਇਲਾਜ :-ਸਿਵਲ ਸਰਜਨ
ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਹੁਣ ਕੈਂਸਰ ਨਾ ਮੁਰਾਦ ਜਾਂ ਲਾ-ਇਲਾਜ ਬਿਮਾਰੀ ਨਹੀਂ ਹੈ ਇਸ ਦਾ ਇਲਾਜ ਸੰਭਵ ਹੈ ,ਪਰ ਜੇਕਰ ਮਰੀਜ਼ ਨੂੰ ਸਹੀ ਸਮੇਂ ਤੇ ਇਸਦਾ ਸਹੀ ਇਲਾਜ ਮਿਲ ਜਾਵੇ ਤਾਂ , ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ “ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ” ਦੇ ਮੌਕੇ ਤੇ ਜਿਲਾ ਹਸਪਤਾਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਅੰਦਰ ਆਮ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕਰਨ ਲਈ 2014 ਤੋਂ ਹਰ ਸਾਲ 07 ਨਵੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਕੈਂਸਰ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਛਾਤੀ ਵਿੱਚ ਗਿਲਟੀ, ਲਗਾਤਾਰ ਖੰਗ, ਆਵਾਜ਼ ਵਿੱਚ ਭਾਰੀਪਣ, ਮਹਾਵਾਰੀ ਦੌਰਾਨ ਖੂਨ ਦਾ ਜਿਆਦਾ ਪੈਣਾ ਜਾਂ ਮਹਾਂਵਾਰੀ ਤੋਂ ਬਿਨਾਂ ਖੂਨ ਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਮੁੱਖ ਲੱਛਣ ਹਨ, ਅਜਿਹੇ ਲੱਛਣ ਹੋਣ ਤੇ ਸਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ।ਉਹਨਾਂ ਦੱਸਿਆ ਕਿ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋਂ “ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਫੰਡ” ਤਹਿਤ 01 ਲੱਖ 50 ਹਜਾਰ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ /ਕਰਵਾਇਆ ਜਾਂਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਕੀ ਡੀ ਸਿੰਘ ਨੇ ਦੱਸਿਆ ਕਿ ਛਾਤੀ, ਕੋਲਨ, ਪਰੋਸਟੈਟ ,ਪੇਟ ,ਜਿਗਰ, ਚਮੜੀ, ਮੂੰਹ ,ਗਰਦਨ, ਗਲੇ, ਬੱਚੇਦਾਨੀ, ਸਰਵਾਈਕਲ ,ਗੁਰਦੇ, ਯੋਨੀ, ਦਿਮਾਗ, ਥਾਈਰਾਈਡ ,ਬਲੱਡ, ਅੱਖਾਂ ਅਤੇ ਰੀਡ ਦੀ ਹੱਡੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਕੈਂਸਰ ਸਿਗਰਟ, ਪਾਨ, ਤੰਬਾਕੂ, ਖੈਨੀ, ਗੁਟਕਾ, ਸ਼ਰਾਬ ਆਦਿ ਦੀ ਵਰਤੋਂ ਕਰਕੇ, ਜਿਆਦਾ ਕੀਟ ਨਾਸ਼ਕ ਸਪਰੇਅ ਕਰਨ ਨਾਲ, ਮਿਲਾਵਟ ਵਾਲੀਆਂ ਚੀਜ਼ਾਂ ਦੇ ਖਾਣ ਪੀਣ ਨਾਲ ਹੋ ਸਕਦਾ ਹੈ। ਇਸ ਲਈ ਜਾਗਰੂਕ ਹੋ ਕੇ, ਜੀਵਨ ਸੈਲੀ ਵਿੱਚ ਤਬਦੀਲੀ ਲਿਆ ਕੇ ਅਤੇ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ ਕਰਵਾ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜ਼ਿਲਾ ਪ੍ਰੋਗਰਾਮ ਮੈਨੇਜਰ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ,ਜਸਵਿੰਦਰ ਕੌਰ, ਨੌਰੰਗ ਸਿੰਘ, ਕੌਂਸਲਰ ਬਲਜੀਤ ਸਿੰਘ, ਧਰਮ ਸਿੰਘ, ਮਨਬੀਰ ਸਿੰਘ ਆਦਿ ਹਾਜਰ ਸਨ।