ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ‘ਚ ਉਮੜਿਆ ਜਨ-ਸੈਲਾਬ

ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ 'ਚ ਉਮੜਿਆ ਜਨ-ਸੈਲਾਬ

ਬੱਸੀ ਪਠਾਣਾ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜਾਅ ਨੂੰ ਮਿਲਿਆ ਭਰਵਾਂ ਹੁੰਗਾਰਾ

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਹੋਣ ਦਾ ਦਿੱਤਾ ਸੱਦਾ

ਬੱਸੀ ਪਠਾਣਾ, 16 ਜਨਵਰੀ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਵਿੱਢੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਬੱਸੀ ਪਠਾਣਾ ਵਿਖੇ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਅਗਵਾਈ ਵਿੱਚ ਕੱਢੀ ਗਈ ਇਸ ਰੈਲੀ ਨੂੰ ਇਲਾਕਾ ਨਿਵਾਸੀਆਂ, ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਨਸ਼ਾ ਇੱਕ ਅਜਿਹਾ ਕੋਹੜ ਹੈ ਜੋ ਸਾਡੀ ਜਵਾਨੀ ਅਤੇ ਸਮਾਜ ਨੂੰ ਅੰਦਰੋਂ-ਅੰਦਰੀ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਸਿਰਫ਼ ਨਸ਼ਾ ਫੜਨਾ ਹੀ ਨਹੀਂ, ਸਗੋਂ ਨੌਜਵਾਨਾਂ ਦੇ ਮਨਾਂ ਵਿੱਚੋਂ ਨਸ਼ੇ ਪ੍ਰਤੀ ਖਿੱਚ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਖੇਡਾਂ ਅਤੇ ਉਸਾਰੂ ਕੰਮਾਂ ਵੱਲ ਮੋੜਨਾ ਹੈ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਦੂਜਾ ਪੜਾਅ ਘਰ-ਘਰ ਤੱਕ ਜਾਗਰੂਕਤਾ ਦਾ ਸੁਨੇਹਾ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਪੈਦਲ ਯਾਤਰਾਵਾਂ ਆਰੰਭੀਆਂ ਗਈਆਂ ਹਨ ਤਾਂ ਕਿ ਹਰ ਇੱਕ ਨਾਗਰਿਕ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਲਿਆਂਦੇ ਜਾ ਸਕਣ।

ਜਾਗਰੂਕਤਾ ਰੈਲੀ ਵਿੱਚ ਸੈਂਕੜੇ ਨੌਜਵਾਨਾਂ ਨੇ ਹੱਥਾਂ ਵਿੱਚ ਨਸ਼ਾ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ।

ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਇਸ ਮੁਹਿੰਮ ਵਿੱਚ ਸ਼ਿਰਕਤ ਕੀਤੀ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਾਜ਼ਰੀਨ ਨੂੰ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਅਤੇ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਦੀ ਸਹੁੰ ਚੁਕਾਈ। ਵਿਧਾਇਕ ਨੇ ਅੱਗੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਜਿੱਥੇ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ, ਉੱਥੇ ਹੀ ਮਾਪਿਆਂ ਅਤੇ ਪੰਚਾਇਤਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ, ਤਾਂ ਉਸ ਨੂੰ ਨਫ਼ਰਤ ਕਰਨ ਦੀ ਬਜਾਏ ਇਲਾਜ ਰਾਹੀਂ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾਵੇ।

ਇਸ ਮੌਕੇ ਰਾਜ ਪੁਰੀ ਹਲਕਾ ਸੰਗਠਨ ਇੰਚਾਰਜ, ਚੇਅਰਮੈਨ ਮਾਰਕੀਟ ਕਮੇਟੀ ਮਨਪ੍ਰੀਤ ਸਿੰਘ ਸੋਮਲ, ਇੰਦਰਜੀਤ ਸਿੰਘ ਮੈਂਬਰ ਮੰਡੀਕਰਨ ਬੋਰਡ ਪੰਜਾਬ, ਬਲਾਕ ਪ੍ਰਧਾਨ ਰਸ਼ਪਿੰਦਰ ਸਿੰਘ, ਬਲਾਕ ਪ੍ਰਧਾਨ ਸਤੀਸ਼ ਕੌਸ਼ਲ, ਬਲਾਕ ਪ੍ਰਧਾਨ ਹਰਜੀਤ ਸਿੰਘ, ਬਰਿੰਦਰ ਸਿੰਘ ਵੀਰੂ, ਮਾਸਟਰ ਸੁਰਜੀਤ ਸਿੰਘ ਤੇ ਸਰਪੰਚ ਫਤਿਹਪੁਰ ਅਰਾਈਆਂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੁਹਿੰਮ ਨੂੰ ਪਿੰਡਾਂ ਤੇ ਵਾਰਡਾਂ ਦੇ ਹਰ ਘਰ ਤੱਕ ਲੈ ਕੇ ਜਾਣਗੇ।

——————————
This news is auto published from an agency/source and may be published as received.

Leave a Reply

Your email address will not be published. Required fields are marked *