
ਖੰਨਾ (ਸ਼ਰਮਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਸੂਬੇ ਵਿੱਚ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਮਚੀ ਹਫੜਾ-ਦਫੜੀ 'ਤੇ ਡੂੰਘਾ ਵਿਅੰਗ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ('ਆਪ') ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਵਿੱਚ ਅਪਰਾਧ ਅਤੇ 'ਬਦਲਾਅ' ਦਾ ਇੱਕ ਅਜੀਬੋ-ਗਰੀਬ ਸੰਗਮ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦਿਲਬਰ ਮੁਹੰਮਦ ਖਾਨ ਨੇ ਵਿਅੰਗਮਈ ਲਹਿਜੇ ਵਿੱਚ ਕਿਹਾ, "ਪਹਿਲਾਂ ਪੰਜਾਬ ਵਿੱਚ ਸਮਾਜ ਵਿਰੋਧੀ ਅਨਸਰ ਅਤੇ ਲੁਟੇਰੇ ਆਮ ਲੋਕਾਂ ਦੇ ਮੋਬਾਈਲ ਫੋਨ, ਗਲ ਦੀਆਂ ਚੈਨਾਂ ਅਤੇ ਪਰਸ ਆਦਿ ਖੋਹ ਕੇ ਭੱਜ ਜਾਂਦੇ ਸਨ, ਜਿਸ ਕਾਰਨ ਜਨਤਾ ਪਰੇਸ਼ਾਨ ਸੀ। ਪਰ ਹੁਣ 'ਬਦਲਾਅ' ਵਾਲੀ ਸਰਕਾਰ ਵਿੱਚ ਝਪਟਮਾਰੀ ਦੀ ਇੱਕ ਨਵੀਂ ਕਿਸਮ ਪੈਦਾ ਹੋ ਗਈ ਹੈ। ਹੁਣ ਆਮ ਆਦਮੀ ਪਾਰਟੀ ਦੇ ਵਰਕਰ ਹੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਦਸਤਾਵੇਜ਼ (ਕਾਗਜ਼) ਖੋਹ ਕੇ ਭੱਜ ਰਹੇ ਹਨ।"
ਚੇਅਰਮੈਨ ਖਾਨ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਆਪਣੀ ਹਾਰ ਦੇ ਡਰੋਂ ਬੌਖਲਾ ਗਈ ਹੈ ਅਤੇ ਲੋਕਤੰਤਰ ਦਾ ਗਲ ਘੁੱਟਣ 'ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਕੇਂਦਰਾਂ 'ਤੇ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਥਾਂ ਵਿੱਚੋਂ ਫਾਈਲਾਂ ਝਪਟੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਪਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ 'ਸਰਕਾਰੀ ਝਪਟਮਾਰ' ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੱਥੇ 'ਤੇ ਕਲੰਕ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਨਾਮਜ਼ਦਗੀ ਪੱਤਰ ਪਾੜਨ ਅਤੇ ਖੋਹਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਹਮਲਾਵਰ ਹੈ। ਕਾਂਗਰਸ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ 'ਆਪ' ਦੇ ਵਰਕਰ ਗੁੰਡਾਗਰਦੀ ਕਰ ਰਹੇ ਹਨ।
——————————
This news is auto published from an agency/source and may be published as received.
