ਮੁੱਖ ਮੰਤਰੀ ਨੇ ਜਾਪਾਨ ਦੇ ਕਾਰੋਬਾਰੀਆਂ ਨੂੰ ਦਿਤਾ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ

ਟੋਕਿਓ/ਚੰਡੀਗੜ੍ਹ, 3 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਾਪਾਨ ਦੇ ਕਾਰੋਬਾਰੀ ਦਿੱਗਜ਼ਾਂ ਅੱਗੇ ਸੂਬੇ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦਿਆਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਆਪਣੀ ਜਾਪਾਨ ਫੇਰੀ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਜੇਬੀਆਈਸੀ, ਆਈਸਨ ਇੰਡਸਟਰੀ, ਯਾਮਾਹਾ, ਹੌਂਡਾ ਮੋਟਰ, ਜੇਆਈਸੀਏ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ, ਟੋਰੇ ਇੰਡਸਟਰੀਜ਼, ਪਾਰਲੀਮੈਂਟਰੀ ਵਾਈਸ-ਮਨਿਸਟਰ ਆਫ਼ ਇਕਨਾਮੀ, ਵਪਾਰ ਅਤੇ ਉਦਯੋਗ (ਐਮਈਟੀਆਈ), ਫੁਜਿਤਸੂ ਲਿਮਟਿਡ ਅਤੇ ਹੋਰਾਂ ਨਾਲ ਗੱਲਬਾਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਭਗਵੰਤ ਸਿੰਘ ਮਾਨ ਨੇ ਐਡਵਾਂਸਡ ਮੈਨੂਫੈਕਚਰਿੰਗ, ਮੋਬਿਲਟੀ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸਰਵਿਸਿਜ਼ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਜਾਪਾਨ ਨਾਲ ਰਣਨੀਤਕ ਸਮਝੌਤੇ ਦੀ ਇੱਛਾ ਪ੍ਰਗਟਾਈ । ਉਨ੍ਹਾਂ ਨੇ ਜਾਪਾਨੀ ਕੰਪਨੀਆਂ ਨੂੰ ਸੂਬੇ ਵਿੱਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦਾ ਭਵਿੱਖ ਇਨ੍ਹਾਂ ਖੇਤਰਾਂ ਦੀਆਂ ਜ਼ਰੂਰਤਾਂ ਅਨੁਸਾਰ ਨਵਾਂ ਰੂਪ ਲੈ ਰਿਹਾ ਹੈ। ਮੁੱਖ ਮੰਤਰੀ ਨੇ ਨਿਵੇਸ਼ਕਾਂ ਨੂੰ 13-15 ਮਾਰਚ 2026 ਨੂੰ ਆਈਐਸਬੀ ਮੋਹਾਲੀ ਕੈਂਪਸ, ਪੰਜਾਬ ਵਿਖੇ ਹੋਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜਾਪਾਨੀ ਉਦਯੋਗ ਨਾਲ ਪੰਜਾਬ ਦੇ ਮਜ਼ਬੂਤ ਅਤੇ ਉਸਾਰੂ ਸਬੰਧਾਂ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਬਦਲਦੇ ਉਦਯੋਗਿਕ ਮਾਹੌਲ ਦੇ ਅਗਲੇ ਪੜਾਅ ਦਾ ਹਿੱਸਾ ਬਣਨ ਦਾ ਨਿੱਘਾ ਸੱਦਾ ਦਿੱਤਾ। ਮਾਨ ਨੇ ਕਿਹਾ ਕਿ ਅਜਿਹੇ ਨਿਵੇਸ਼ ਨਾਲ ਨਾ ਸਿਰਫ਼ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ ਬਲਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਬਲ ਦੇਣਗੇ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਜਾਪਾਨੀ ਨਿਵੇਸ਼ਕਾਂ ਨੂੰ ਹਰ ਪੱਖੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।

This news is auto published from an agency/source and may be published as received.

Leave a Reply

Your email address will not be published. Required fields are marked *