ਪੰਚਾਇਤ ਸੰਮਤੀ ਤੇ ਜਿ਼ਲ੍ਹਾ ਪਰਿਸ਼ਦ ਚੋਣਾਂ ਲਈ ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ
4 ਦਸੰਬਰ ਤੱਕ ਭਰੇ ਜਾਣਗੇ ਨਾਮਜ਼ਦਗੀ ਪੱਤਰ, 17 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਫ਼ਤਹਿਗੜ੍ਹ ਸਾਹਿਬ, 1 ਦਸੰਬਰ: ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ 14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਤੇ ਜਿ਼ਲ੍ਹਾ ਪਰਿਸ਼ਦ ਦੀਆਂ ਆਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਭਰੇ ਜਾ ਸਕਦੇ ਹਨ। ਜਿ਼ਲ੍ਹਾ ਚੋਣਕਾਰ ਅਫ਼ਸਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਜਿ਼ਲ੍ਹਾ ਚੋਣ ਅਫ਼ਸਰ —ਕਮ— ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸੁਰਿੰਦਰ ਸਿੰਘ ਧਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ।
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਲਈ ਕੁੱਲ 77 ਜੋ਼ਨ ਹਨ ਜਦਕਿ ਜਿ਼ਲ੍ਹਾ ਪਰਿਸ਼ਦ ਦੇ 10 ਜ਼ੋਨ ਹਨ। ਉਨ੍ਹਾਂ ਦੱਸਿਆ ਕਿ ਬਲਾਕ ਸਰਹਿੰਦ ਦੇ 15 ਜ਼ੋਨਾਂ ਅੰਦਰ 111 ਪੋਲਿੰਗ ਬੂਥ ਬਣਾਏ ਗਏ ਹਨ ਜਦਕਿ ਬਲਾਕ ਅਮਲੋਹ ਦੇ 17 ਜ਼ੋਨ ਚ 108 ਪੋਲਿੰਗ ਬੂਥ, ਬਸੀ ਪਠਾਣਾ ਦੇ 15 ਜ਼ੋਨ ਵਿੱਚ 101 ਪੋਲਿੰਗ ਬੂਥ, ਖਮਾਣੋ ਦੇ 15 ਜ਼ੋਨ ਵਿੱਚ 84 ਅਤੇ ਖੇੜਾ ਦੇ 15 ਜ਼ੋਨਾਂ ਵਿੱਚ 77 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ 3 ਲੱਖ 19 ਹਜ਼ਾਰ 868 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਨ੍ਹਾਂ ਵਿੱਚ 1 ਲੱਖ 68 ਹਜ਼ਾਰ 700 ਮਰਦ ਵੋਟਰ, 1 ਲੱਖ 51 ਹਜ਼ਾਰ 167 ਮਹਿਲਾ ਵੋਟਰ ਅਤੇ 1 ਹੋਰ ਵੋਟਰ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ।
This news is auto published from an agency/source and may be published as received.
