
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ “ਗੁਰੁ ਅਮਰਹੁ ਗੁਰੁ ਰਾਮਦਾਸੁ” ਪੁਸਤਕ ਸੰਗਤ ਅਰਪਣ ਕੀਤੀ ਗਈ। ਇਸ ਮੌਕੇ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਿਆਈ ਦੇ 450ਵੇਂ ਪੁਰਬ ਨੂੰ ਸਮਰਪਿਤ ਦੋ ਕੌਮੀ ਸੈਮੀਨਾਰ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪੰਜਾਬ ਅਤੇ ਨੇੜਲੇ ਸੂਬਿਆਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਵਾਨਾਂ ਨੇ ਖੋਜ ਪਰਚੇ ਪੇਸ਼ ਕੀਤੇ ਸਨ।
ਉਹਨਾਂ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਹੀ ਖੋਜ ਪਰਚਿਆਂ ਵਿੱਚੋਂ ਚੋਣਵੇਂ 13 ਪਰਚਿਆਂ ਦਾ ਸੰਪਾਦਤ ਸੰਗ੍ਰਹਿ ਹੈ। ਵਾਈਸ-ਚਾਂਸਲਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਲਈ ਵਚਨਬੱਧ ਅਤੇ ਲਗਾਤਾਰ ਕਾਰਜਸ਼ੀਲ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਧਰਮ ਅਧਿਐਨ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ, ਜੀਵਨ ਅਤੇ ਸਿੱਖੀ ਦੀ ਉਸਾਰੀ ਵਿੱਚ ਪਾਏ ਯੋਗਦਾਨ ਬਾਰੇ ਮਹੱਤਵਪੂਰਨ ਖੋਜ ਪਰਚੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਹ ਕਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਪ੍ਰੋਫੈਸਰ ਜਸਪਾਲ ਕੌਰ ਕਾਂਗ, ਡਾ. ਹਰਦੇਵ ਸਿੰਘ ਅਤੇ ਡਾ. ਕਿਰਨਦੀਪ ਕੌਰ ਵੱਲੋਂ ਸੰਪਾਦਤ ਕੀਤੀ ਗਈ ਹੈ। ਡਾ. ਹਰਦੇਵ ਸਿੰਘ, ਜੋ ਕਿਤਾਬ ਦੇ ਸੰਪਾਦਕ ਅਤੇ ਡੀਨ, ਫੈਕਲਟੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ਼ ਹਨ, ਨੇ ਖੋਜ ਪਰਚੇ ਭੇਜਣ ਵਾਲੇ ਵਿਦਵਾਨਾਂ ਅਤੇ ਖੋਜੀਆਂ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਸਿੱਖ ਸੰਗਤ ਇਸ ਕਿਤਾਬ ਤੋਂ ਭਰਪੂਰ ਲਾਭ ਉਠਾਏਗੀ। ਪ੍ਰੋਫੈਸਰ ਜਸਪਾਲ ਕੌਰ ਕਾਂਗ ਨੇ ਕਿਹਾ ਕਿ ਇਹ ਸੰਪਾਦਨ ਸਿੱਖ ਅਧਿਐਨ ਨਾਲ ਸੰਬੰਧਿਤ ਖੋਜੀਆਂ ਅਤੇ ਵਿਦਿਆਰਥੀਆਂ ਦੀ ਅਕਾਦਮਿਕ ਲੋੜ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਅੰਤ ਵਿੱਚ ਡਾ. ਕਿਰਨਦੀਪ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।

This news is auto published from an agency/source and may be published as received.
