ਸੰਸਦ ਮੈਂਬਰ ਸਾਹਨੀ ਨੇ ਬੰਦੀ ਸਿੱਖਾਂ ਦੀ ਰਿਹਾਈ ਮੰਗੀ ਰਾਸ਼ਟਰ ਨਿਰਮਾਣ ਵਿਚ ਸਿੱਖਾਂ ਦੇ ਯੋਗਦਾਨ ਦਾ ਚੇਤਾ ਕਰਵਾਇਆ

ਨਵੀਂ ਦਿੱਲੀ, 11 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ 'ਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਫੇਰ ਪੱਕਾ ਕੀਤਾ ਹੈ। ਡਾ. ਸਾਹਨੀ ਨੇ ਕਿਹਾ ਕਿ ਉਨ੍ਹਾਂ ਵਿਚੋਂ ਬਹੁਤ ਸਾਰੇ 30 ਸਾਲ ਤੋਂ ਵੱਧ ਸਮਾਂ ਜੇਲ ਵਿਚ ਬਿਤਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣੇ ਮਰਨ ਕਿਨਾਰੇ ਪਏ ਮਾਪਿਆਂ ਨੂੰ ਮਿਲਣ ਲਈ ਵਾਰ-ਵਾਰ ਪੈਰੋਲ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ, ਹਾਲਾਂਕਿ ਹਰਿਆਣਾ ਸਰਕਾਰ ਨੇ ਇਸ ਸਬੰਧ ਵਿਚ ਇਕ ਸਪੱਸ਼ਟ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਦਵਿੰਦਰਪਾਲ ਸਿੰਘ ਭੁੱਲਰ ਜੋ ਤਿੰਨ ਦਹਾਕੇ ਜੇਲ ਵਿਚ ਬਿਤਾ ਚੁੱਕੇ ਹਨ ਅਤੇ ਮਾਨਸਿਕ ਤੌਰ 'ਤੇ ਬਿਮਾਰ ਹਨ, ਦੀ ਵਿਚਾਰ ਅਧੀਨ ਪਈ ਮੁਆਫ਼ੀ ਦੀ ਅਪੀਲ ਅਜੇ ਵੀ ਸਮੀਖਿਆ ਦੀ ਉਡੀਕ ਵਿਚ ਹੈ। ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਇਨਸਾਫ਼ ਵਿਚ ਦੇਰੀ ਇਨਸਾਫ਼ ਤੋਂ ਇਨਕਾਰ ਕਰਨ ਦੇ ਬਰਾਬਰ ਹੈ। ਬੰਦੀ ਸਿੱਖਾਂ ਦੀ ਰਿਹਾਈ ਉਨ੍ਹਾਂ ਦੀ ਦਰਦਨਾਕ ਲੰਬੀ ਕੈਦ ਨੂੰ ਖਤਮ ਕਰਨ ਦੀ ਭਾਵਨਾ ਵਿੱਚ ਹੋਣੀ ਚਾਹੀਦੀ ਹੈ। ਮਨੁੱਖੀ ਅਧਿਕਾਰ ਕਿਸੇ ਲਈ ਰਾਖਵੇਂ ਨਹੀਂ ਹੋ ਸਕਦੇ -ਉਹ ਸਰਵ ਵਿਆਪਕ, ਮਨੁੱਖੀ ਅਤੇ ਨਿਆਂਪੂਰਨ ਹੋਣੇ ਚਾਹੀਦੇ ਹਨ। ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਸੰਸਦ ਵਿਚ ਬੋਲਦਿਆਂ ਡਾ. ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਹਮੇਸ਼ਾ ਭਾਰਤ ਦੇ ਸਨਮਾਨ ਅਤੇ ਏਕਤਾ ਦੀ ਰੱਖਿਆ ਵਿਚ ਸਭ ਤੋਂ ਅੱਗੇ ਰਹੇ ਹਨ। "ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਤੋਂ ਲੈ ਕੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਤਕ, ਸਿੱਖਾਂ ਨੇ ਕੁਰਬਾਨੀ ਅਤੇ ਸੇਵਾ ਰਾਹੀਂ ਵੰਦੇ ਮਾਤਰਮ ਦੀ ਭਾਵਨਾ ਨੂੰ ਜੀਵਿਆ ਹੈ। ਸਾਡੇ ਗੁਰੂਆਂ ਨੇ ਹਮੇਸ਼ਾ ਸਾਨੂੰ ਸਦਭਾਵਨਾ ਬਣਾਈ ਰੱਖਣ, ਨਫ਼ਰਤ ਨੂੰ ਰੱਦ ਕਰਨ ਅਤੇ ਕਮਜ਼ੋਰਾਂ ਦੀ ਰੱਖਿਆ ਕਰਨ ਦੀ ਸਿੱਖਿਆ ਦਿਤੀ ਹੈ। ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸਿਰਫ਼ ਇਕ ਸੰਵਿਧਾਨਕ ਫ਼ਰਜ਼ ਨਹੀਂ ਹੈ, ਇਹ ਭਾਰਤ ਦੀ ਆਤਮਾ ਹੈ।"

——————————
This news is auto published from an agency/source and may be published as received.

Leave a Reply

Your email address will not be published. Required fields are marked *