
ਪੈਂਗਯੋ ਟੈਕਨੋ ਵੈਲੀ ਦੀ ਤਰਜ 'ਤੇ ਮੋਹਾਲੀ ਨੂੰ ਵਿਕਸਤ ਕਰਨ ਦਾ ਐਲਾਨ
ਪ੍ਰਮੁੱਖ ਖੇਤਰਾਂ ਵਿਚ ਰਣਨੀਤਕ ਭਾਈਵਾਲੀ ਦੀ ਵਕਾਲਤ
ਗੋਲਮੇਜ਼ ਕਾਨਫ਼ਰੰਸ ਦੌਰਾਨ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਦੱਸਿਆ

ਚੰਡੀਗੜ੍ਹ, 8 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਡੇਵੂ ਈ ਐਂਡ ਸੀ, ਜੀ.ਐਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐਸ. ਈ ਐਂਡ ਸੀ), ਨੋਂਗਸ਼ਿਮ, ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.), ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਸਮੇਤ ਦੱਖਣੀ ਕੋਰੀਆ ਦੀਆਂ ਹੋਰ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਦੱਖਣੀ ਕੋਰੀਆ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਡੇਵੂ ਈ ਐਂਡ ਸੀ ਦੇ ਚੇਅਰਮੈਨ ਜੰਗ ਵੌਨ ਜੂ ਨਾਲ ਮੁਲਾਕਾਤ ਕੀਤੀ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਆਫਸ਼ੋਰ ਵਿੰਡ ਫਾਰਮ, ਸੋਲਰ ਪਾਵਰ ਪਲਾਂਟ ਅਤੇ ਹਾਈਡ੍ਰੋਜਨ ਉਤਪਾਦਨ ਦੇ ਖੇਤਰਾਂ ਵਿੱਚ ਸਹਿਯੋਗ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਕਿ ਐਲ.ਐਨ.ਜੀ. ਟਰਮੀਨਲ, ਪੈਟਰੋਕੈਮੀਕਲ ਕੰਪਲੈਕਸ ਤੇ ਖਾਦ ਪਲਾਂਟ, ਰਿਹਾਇਸ਼ ਅਤੇ ਉੱਨਤ ਬੁਨਿਆਦੀ ਢਾਂਚੇ ਸਬੰਧੀ ਏਕੀਕ੍ਰਿਤ ਹੱਲ ਵਾਲੇ ਸ਼ਹਿਰੀ ਵਿਕਾਸ ਤੇ ਸਮਾਰਟ ਸਿਟੀ ਪ੍ਰੋਜੈਕਟਾਂ ਅਤੇ ਸੜਕਾਂ, ਪੁਲਾਂ, ਰੇਲਵੇ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਸਮੇਤ ਸਿਵਲ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾ ਹਨ। ਭਗਵੰਤ ਸਿੰਘ ਮਾਨ ਨੇ ਮਾਡਿਊਲਰ ਅਤੇ ਪ੍ਰੀ-ਫੈਬਰੀਕੇਟਿਡ ਨਿਰਮਾਣ ਵਿਧੀਆਂ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਕਿ ਤੇਜ਼ ਤੇ ਕਿਫਾਇਤੀ ਇਮਾਰਤਾਂ ਦੇ ਨਿਰਮਾਣ ਦਾ ਹੱਲ ਲੱਭਿਆ ਜਾ ਸਕੇ। ਇੰਜੀਨੀਅਰਿੰਗ ਅਤੇ ਬੁਨਿਆਦੀ ਢਾਂਚਾ ਖੇਤਰ ਨਾਲ ਸਬੰਧਤ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਡੇਵੂ ਈ ਐਂਡ ਸੀ ਨਾਲ ਰਣਨੀਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀ ਮਜ਼ਬੂਤ ਉਦਯੋਗਿਕ ਗਤੀ, ਆਧੁਨਿਕ ਬੁਨਿਆਦੀ ਢਾਂਚੇ ਸਬੰਧੀ ਵੱਡੇ ਉਪਰਾਲੇ ਅਤੇ ਇਨਵੈਸਟ ਪੰਜਾਬ ਅਧੀਨ ਵਿਲੱਖਣ ਸਾਂਝੇ ਨਿਗਰਾਨ ਢਾਂਚੇ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਸ਼ਵ ਪੱਧਰ ਦੇ ਕਾਰੋਬਾਰੀ ਗਰੁੱਪ ਨੂੰ ਬੁਨਿਆਦੀ ਢਾਂਚੇ ਦੇ ਵਿਆਪਕ ਵਿਕਾਸ, ਆਧੁਨਿਕ ਨਿਰਮਾਣ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਸੂਬੇ ਵਿੱਚ ਆਉਣ ਵਾਲੇ ਉਦਯੋਗਿਕ ਟਾਊਨਸ਼ਿਪ ਵਿੱਚ ਮੌਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ। ਭਗਵੰਤ ਸਿੰਘ ਮਾਨ ਨੇ ਆਲਮੀ ਸਥਿਰਤਾ ਦੇ ਮਾਪਦੰਡਾਂ ਨਾਲ ਸਬੰਧਤ ਸਾਂਝੇ ਉੱਦਮਾਂ ਰਾਹੀਂ ਈ.ਐਸ.ਜੀ. ਅਤੇ ਗ੍ਰੀਨ ਹਾਈਡ੍ਰੋਜਨ ਪਹਿਲਕਦਮੀਆਂ ਵਿੱਚ ਸਹਿਯੋਗ 'ਤੇ ਵੀ ਜ਼ੋਰ ਦਿੱਤਾ। ਇੱਕ ਹੋਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਜੀ.ਐਸ. ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ (ਜੀ.ਐਸ. ਈ ਐਂਡ ਸੀ) ਦੇ ਉਪ ਪ੍ਰਧਾਨ ਯੰਗ ਹਾ ਰਿਊ (ਡੈਨੀਅਲ) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ (ਸੂਰਜੀ, ਹਵਾ, ਹਾਈਡ੍ਰੋਜਨ), ਬੁਨਿਆਦੀ ਢਾਂਚਾ ਵਿਕਾਸ (ਸੜਕਾਂ, ਪੁਲ, ਸਮਾਰਟ ਸ਼ਹਿਰ) ਅਤੇ ਉਦਯੋਗਿਕ ਕੰਪਲੈਕਸਾਂ ਅਤੇ ਈ.ਪੀ.ਸੀ. ਸੇਵਾਵਾਂ ਦੇ ਖੇਤਰ ਵਿੱਚ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਲਈ ਮਾਡਿਊਲਰ ਨਿਰਮਾਣ ਲਈ ਤਕਨਾਲੋਜੀ ਦੇ ਅਦਾਨ-ਪ੍ਰਦਾਨ ਅਤੇ ਗਰੀਨ ਹਾਈਡ੍ਰੋਜਨ ਅਤੇ ਸ਼ੁੱਧ ਊਰਜਾ ਸਬੰਧੀ ਪਹਿਲਕਦਮੀਆਂ ਵਰਗੇ ਮੁੱਖ ਖੇਤਰਾਂ ਵਿੱਚ ਅਸੀਮ ਸੰਭਾਵਨਾਵਾਂ ਹਨ। ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਮੁੱਖ ਖੇਤਰਾਂ ਵਿੱਚ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਪੈਕੇਜਡ ਫੂਡਜ਼ ਐਂਡ ਬੇਵਰੇਜ ਕੰਪਨੀ ਨੋਂਗਸ਼ਿਮ ਹੋਲਡਿੰਗਜ਼ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਫੂਡ ਐਂਡ ਫੂਡ ਪ੍ਰੋਸੈਸਿੰਗ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੁਆਦਾਂ ਮੁਤਾਬਕ ਨਵੇਂ ਇੰਸਟੈਂਟ ਨੂਡਲਜ਼ ਸੁਆਦਾਂ ਦਾ ਸਾਂਝੇ ਤੌਰ ‘ਤੇ ਵਿਕਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਭਾਰਤੀ ਸੁਪਰ ਮਾਰਕੀਟਾਂ ਅਤੇ ਈ-ਕਾਮਰਸ ਪਲੇਟਫਾਰਮਾਂ ਵਿੱਚ ਨੋਂਗਸ਼ਿਮ ਦੇ ਉਤਪਾਦਾਂ ਦਾ ਵਾਧਾ ਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਨੌਜਵਾਨ ਵਰਗ ਤੱਕ ਇਹਨਾਂ ਉਤਪਾਦਾਂ ਨੂੰ ਪਹੁੰਚਾਉਣ ਸਬੰਧੀ ਮੁਹਿੰਮਾਂ ਵਿੱਚ ਸਹਿਯੋਗ ਦੀ ਵੀ ਵਕਾਲਤ ਕੀਤੀ। ਭਗਵੰਤ ਸਿੰਘ ਮਾਨ ਨੇ ਵਾਤਾਵਰਣ ਪੱਖੀ ਪੈਕੇਜਿੰਗ ਸਬੰਧੀ ਹੱਲਾਂ ਲਈ ਸਥਾਨਕ ਸਪਲਾਇਰਾਂ ਨਾਲ ਭਾਈਵਾਲੀ ਕਰਨ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਭੋਜਨ ਪਦਾਰਥਾਂ ਅਤੇ ਪੌਦੇ ਅਧਾਰਤ ਵਿਕਲਪਾਂ ਲਈ ਖੋਜ ਵਿੱਚ ਭਾਈਵਾਲੀ ਦੀ ਵੀ ਵਕਾਲਤ ਕੀਤੀ। ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.) ਦੇ ਵਾਈਸ ਚੇਅਰਮੈਨ ਲੀ ਸੁੰਗ ਕਿਊ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਨਿਰਮਾਣ ਅਤੇ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਿੱਚ ਸਹਿਯੋਗ ਦੇ ਮੌਕਿਆਂ ਦੀ ਭਾਲ ਦੀ ਵਕਾਲਤ ਕੀਤੀ। ਸਟਾਰਟਅੱਪ ਡਿਵੀਜ਼ਨ ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਦੇ ਡਾਇਰੈਕਟਰ ਜੋਂਗ ਵੂ ਕਿਮ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਐਸ.ਬੀ.ਏ. ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਟਾਰਟਅੱਪ ਇੰਕਿਊਬੇਸ਼ਨ ਅਤੇ ਐਕਸਰੇਸ਼ਨ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਨੇ ਪੰਜਾਬ-ਅਧਾਰਤ ਸਟਾਰਟਅੱਪਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਐਸ.ਬੀ.ਏ. ਦੇ ਗਲੋਬਲ ਮਾਰਕੀਟਿੰਗ ਅਤੇ ਨਿਰਯਾਤ ਸਬੰਧੀ ਸਹਾਇਕ ਪਹਿਲਕਦਮੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਵੀਆਂ ਵਾਤਾਵਰਣ ਪ੍ਰਣਾਲੀਆਂ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਅਭਿਆਸਾਂ ਬਾਰੇ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਉੱਦਮਾਂ ਲਈ ਉਤਪਾਦ ਭਰੋਸੇਯੋਗਤਾ ਵਧਾਉਣ ਲਈ ਸਿਓਲ ਅਵਾਰਡ ਵਰਗੇ ਬ੍ਰਾਂਡਿੰਗ ਅਤੇ ਪ੍ਰਮਾਣੀਕਰਣ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਪੜਚੋਲ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ, ਪੰਜਾਬ ਵਿੱਚ ਕਾਰੋਬਾਰ ਕਰਨ ਵਿਚ ਸੌਖ ਬਾਰੇ ਕੀਤੀ ਗੋਲਮੇਜ਼ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਮੁੱਖ ਦੱਖਣੀ ਕੋਰੀਆਈ ਕੰਪਨੀਆਂ ਬਾਏ, ਕਿਮ ਐਂਡ ਲੀ ਐਲ.ਐਲ.ਸੀ. (ਬੀ.ਕੇ.ਐਲ.), ਯੂਲਚੋਨ ਐਲ.ਐਲ.ਸੀ., ਬਡਟ੍ਰੀ ਮੈਨੇਜਮੈਂਟ ਗਰੁੱਪ, ਐਸ.ਕੇ. ਸਿਕਿਓਰਿਟੀਜ਼, ਕਿਮ ਐਂਡ ਚਾਂਗ, ਸ਼ਿਨ ਐਂਡ ਕਿਮ, ਲੀ ਐਂਡ ਕੋ, ਡੈਂਟਨਸ ਲੀ, ਕੋਰੀਆ ਇੰਟਰਨੈਸ਼ਨਲ ਟ੍ਰੇਡ ਆਰਗੇਨਾਈਜ਼ੇਸ਼ਨ (ਕੇ.ਆਈ.ਟੀ.ਏ.), ਕੋਰੀਆ ਐਸੋਸੀਏਸ਼ਨ ਆਫ ਰੋਬੋਟ ਇੰਡਸਟਰੀ (ਕੇ.ਏ.ਆਰ.), ਕੋਰੀਆ ਟ੍ਰੇਡ ਇਨਵੈਸਟਮੈਂਟ ਪ੍ਰਮੋਸ਼ਨ ਐਸੋਸੀਏਸ਼ਨ (ਕੇ.ਓ.ਟੀ.ਆਰ.ਏ.), ਕੋਰੀਆ ਆਟੋ ਪਾਰਟਸ ਇੰਡਸਟਰੀ ਕੋਆਪਰੇਟਿਵ (ਕੇ.ਏ.ਪੀ.), ਯੁਆਂਟਾ ਸਿਕਿਓਰਿਟੀਜ਼, ਕੈਪਸਟੋਨ ਐਸੇਟ ਮੈਨੇਜਮੈਂਟ, ਐਨ.ਐਚ. ਇਨਵੈਸਟਮੈਂਟ ਐਂਡ ਸਿਕਿਓਰਿਟੀਜ਼ ਕੰਪਨੀ ਲਿਮਟਿਡ, ਕੋਰੀਆ ਇੰਸਟੀਚਿਊਟ ਫਾਰ ਇੰਡਸਟਰੀਅਲ ਇਕਨਾਮਿਕਸ ਐਂਡ ਟ੍ਰੇਡ (ਕੇ.ਆਈ.ਈ.ਟੀ.) ਸਮੇਤ ਹੋਰਨਾਂ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਦਰਸਾਇਆ ਅਤੇ ਸਮੂਹ ਦੱਖਣੀ ਕੰਪਨੀਆਂ ਨੂੰ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਮੁੱਖ ਸੁਧਾਰਾਂ ਬਾਰੇ ਜਾਣੂ ਕਰਵਾਇਆ। ਭਗਵੰਤ ਸਿੰਘ ਮਾਨ ਨੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਸ ਵਿਧੀ ਨੂੰ ਹੋਰ ਸੁਚਾਰੂ ਬਣਾਉਣ ਲਈ ਪ੍ਰਮੁੱਖ ਕੰਪਨੀਆਂ ਦੇ ਵੱਡਮੱਲੇ ਵਿਚਾਰ ਵੀ ਮੰਗੇ। ਮੁੱਖ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਉੱਨਤ ਇਨੋਵੇਸ਼ਨ ਇਕੋਸਿਸਟਮ ਵਿੱਚੋਂ ਇੱਕ ਪੈਂਗਯੋ ਟੈਕਨੋ ਵੈਲੀ, ਜਿਸ ਨੂੰ "ਕੋਰੀਆ ਦੀ ਸਿਲੀਕਨ ਵੈਲੀ" ਵਜੋਂ ਜਾਣਿਆ ਜਾਂਦਾ ਹੈ, ਦਾ ਅਧਿਐਨ ਕਰਨ ਲਈ ਇਸ ਵੈਲੀ ਦਾ ਦੌਰਾ ਵੀ ਕੀਤਾ। ਗਯੋਂਗਿਡੋ ਬਿਜ਼ਨਸ ਐਂਡ ਸਾਇੰਸ ਐਕਸਲੇਟਰ (ਜੀ.ਬੀ.ਐਸ.ਏ.) ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਤਕਨੀਕੀ ਨਵੀਨਤਾ, ਸਟਾਰਟਅੱਪਸ ਅਤੇ ਹਾਈ ਵੈਲਯੂ ਰਿਸਰਚ ਨੂੰ ਉਤਸ਼ਾਹਿਤ ਕਰਨ ਲਈ ਪੈਂਗਯੋ ਦੇ ਏਕੀਕ੍ਰਿਤ ਮਾਡਲ ਬਾਰੇ ਜਾਣਕਾਰੀ ਦਿਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਹੈ ਕਿ 1,780 ਤੋਂ ਵੱਧ ਕੰਪਨੀਆਂ, 83,000 ਪੇਸ਼ੇਵਰਾਂ ਅਤੇ 25,000 ਖੋਜਕਰਤਾਵਾਂ ਵਾਲੀ ਪੈਂਗਯੋ, ਵਿਸ਼ਵ ਭਰ ਦੀ ਸਭ ਤੋਂ ਸਫਲ ਇਨੋਵੇਸ਼ਨ ਡਿਸਟ੍ਰਿਕਟ ਹੈ।
——————————
This news is auto published from an agency/source and may be published as received.
