
ਚੰਡੀਗੜ੍ਹ, 6 ਦਸੰਬਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ 'ਤੇ ਭਾਜਪਾ ਲੀਗਲ ਸੈਲ ਦੇ ਪ੍ਰਦੇਸ਼ ਸੰਯੋਜਕ ਐਡਵੋਕੇਟ ਐਨ.ਕੇ. ਵਰਮਾ ਨੇ ਅੱਜ ਰਾਜ ਚੋਣ ਆਯੁਕਤ, ਪੰਜਾਬ ਦੇ ਸਾਹਮਣੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਪ੍ਰਕਿਰਿਆ ਵਿੱਚ ਹੋਈਆਂ ਗੰਭੀਰ ਬੇਨਿਯਮੀਆਂ ਨੂੰ ਉਜਾਗਰ ਕਰਦੇ ਹੋਏ ਵਿਸਤ੍ਰਿਤ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਅਨੁਸਾਰ ਕੱਲ੍ਹ (5 ਦਸੰਬਰ) ਹੋਈ ਜਾਂਚ ਬੰਦ ਕਮਰਿਆਂ ਵਿੱਚ ਕੀਤੀ ਗਈ, ਜਿੱਥੇ ਕਿਸੇ ਵੀ ਉਮੀਦਵਾਰ ਜਾਂ ਅਧਿਕ੍ਰਿਤ ਪ੍ਰਤਿਨਿਧੀ ਨੂੰ ਮੌਜੂਦ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਕਿ ਲਾਜ਼ਮੀ ਚੋਣ ਨਿਯਮਾਂ ਦਾ ਸਪੱਸ਼ਟ ਉਲੰਘਨ ਹੈ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਭਾਜਪਾ ਉਮੀਦਵਾਰਾਂ ਦੇ ਵੱਡੀ ਗਿਣਤੀ ਵਿੱਚ ਨਾਮਜ਼ਦਗੀ ਪੱਤਰ ਬਿਨਾਂ ਕਿਸੇ ਵਾਜਬ, ਸਪੱਸ਼ਟ ਜਾਂ ਢੁਕਵੇਂ ਕਾਰਣ ਦੱਸੇ ਹੀ ਰੱਦ ਕਰ ਦਿੱਤੇ ਗਏ, ਜਿਸ ਨਾਲ ਪਾਰਦਰਸ਼ਤਾ ਅਤੇ ਨਿਰਪੱਖਤਾ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।ਭਾਜਪਾ ਨੇ ਆਰੋਪ ਲਗਾਇਆ ਹੈ ਕਿ ਰਿਟਰਨਿੰਗ ਅਧਿਕਾਰੀਆਂ ਨੇ ਮਨਮਾਣੇ ਤਰੀਕੇ ਨਾਲ ਫੈਸਲੇ ਕਰਦੇ ਹੋਏ ਕੁਦਰਤੀ ਨਿਆਂ ਦੇ ਸਿਧਾਂਤਾਂ ਅਤੇ ਉਨਾਂ ਕਾਨੂੰਨੀ ਪ੍ਰਾਵਧਾਨਾਂ ਦੀ ਅਣਦੇਖੀ ਕੀਤੀ, ਜਿਨ੍ਹਾਂ ਦੇ ਤਹਿਤ ਉਮੀਦਵਾਰਾਂ ਨੂੰ ਸੁਧਾਰਯੋਗ ਗਲਤੀਆਂ ਨੂੰ ਠੀਕ ਕਰਨ ਦਾ ਮੌਕਾ ਦੇਣਾ ਲਾਜ਼ਮੀ ਹੁੰਦਾ ਹੈ। ਭਾਜਪਾ ਪੰਜਾਬ ਨੇ ਤੁਰੰਤ ਸੁਧਾਰਾਤਮਕ ਕਾਰਵਾਈ, ਸਾਰੇ ਗੈਰ ਕਾਨੂੰਨੀ ਰੱਦ ਆਦੇਸ਼ਾਂ ਦੀ ਸਮੀਖਿਆ, ਅਤੇ ਜਾਂਚ ਪ੍ਰਕਿਰਿਆ ਨੂੰ ਕਾਨੂੰਨ ਅਨੁਸਾਰ ਅਤੇ ਪਾਰਦਰਸ਼ੀ ਬਣਾਉਣ ਲਈ ਦਿਸ਼ਾ–ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਅਨਿਆਂ ਰੋਕਣ ਅਤੇ ਲੋਕਤੰਤਰਿਕ ਪ੍ਰਕਿਰਿਆ ਦੀ ਪਵਿਤ੍ਰਤਾ ਬਣਾਈ ਰੱਖਣ ਲਈ ਤੁਰੰਤ ਦਖ਼ਲਅੰਦਾਜੀ ਜ਼ਰੂਰੀ ਹੈ।
——————————
This news is auto published from an agency/source and may be published as received.
