
ਨਵੀਂ ਦਿੱਲੀ, 3 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਸ਼੍ਰੋਮਣੀ ਅਕਾਲੀ ਦਲ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਪੈਸੇ ਸਿੱਧੇ ਕਿਸਾਨਾਂ ਦੇ ਖ਼ਾਤੇ ਵਿਚ ਪਾਵੇ ਤਾਂ ਜੋ ਕਿਸਾਨ ਹੜ੍ਹਾਂ ਦੇ ਰਾਹਤ ਦੇ ਮਾਮਲੇ ਵਿਚ ਕੇਂਦਰ ਤੇ ਸੂਬਾ ਸਰਕਾਰ ਦੇ ਦਾਅਵਿਆਂ ਵਿਚ ਨਾ ਉਲਝੇ। ਇਸ ਮਾਮਲੇ ’ਤੇ ਸੰਸਦ ਵਿਚ ਬੋਲਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਕਿਸਾਨ ਉਨਾਂ ਦੀ ਕਿਸੇ ਗਲਤੀ ਤੋਂ ਬਗੈਰ ਮੁਸ਼ਕਿਲਾਂ ਝੱਲ ਰਹੇ ਹਨ। ਉਨਾਂ ਕਿਹਾ ਕਿ ਸਿਕਾਨ ਹਾਲੇ ਵੀ ਹੜ੍ਹਾਂ ਦੇ ਤਿੰਨ ਮਹੀਨੇ ਮਗਰੋਂ ਫਸਲੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ ਜਿਸ ਦੌਰਾਨ ਪੰਜ ਲੱਖ ਏਕੜ ਵਿਚ ਫਸਲਾਂ ਦਾ ਨੁਕਸਾਨ ਹੋਇਆ। ਉਨਾਂ ਕਿਹਾ ਕਿ ਹਾਲੇ ਵੀ ਵੱਡਾ ਇਲਾਕਾ ਰੇਤੇ ਦੀ ਮਾਰ ਹੇਠ ਹੈ ਜਿਥੇ ਕਿਸਾਨ ਕਣਕ ਦੀ ਫਸਲ ਬੀਜਣ ਤੋਂ ਅਸਮਰਥ ਹਨ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਇਆ ਨੁਕਸਾਨ ਮਨੁੱਖ ਵੱਲੋਂ ਸਹੇੜੀ ਤ੍ਰਾਸਦੀ ਦੇ ਨਾਲ-ਨਾਲ ਕੁਦਰਤੀ ਤ੍ਰਾਸਦੀ ਵੀ ਹੈ ਜਿਸ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਜ਼ਿੰਮੇਵਾਰ ਹੈ ਜੋ ਰਣਜੀਤ ਸਾਗਰ ਡੈਮ ਤੋਂ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕਰਨ ਵਿਚ ਨਾਕਾਮ ਰਹੀ ਹੈ ਤੇ ਇਹ ਕਿਸਾਨਾਂ ਨੂੰ ਵਿੱਤੀ ਰਾਹਤ ਦੇਣ ਦੇ ਮਾਮਲੇ ਵਿਚ ਰਾਜ ਸਰਕਾਰ ਤੇ ਕੇਂਦਰ ਸਰਦਾਰ ਦੇ ਦਾਅਵਿਆਂ ਵਿਚ ਉਲਝੀ ਵੀ ਨਜ਼ਰ ਆਈ ਹੈ। ਉਨਾਂ ਕਿਹਾ ਕਿ ਫਸਲੀ ਨੁਕਸਾਨ ਤੋਂ ਇਲਾਵਾ ਹੜ੍ਹਾਂ ਦੇ ਕਾਰਨ ਕੰਡਿਆਲੀ ਤਾਰ ਤੋਂ ਪਾਰ ਵੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਇਹਨਾਂ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਦੇ ਕੁਦਰਤੀ ਆਫਤ ਫੰਡ ਦੇ 12500 ਕਰੋੜ ਰੁਪਏ ਰਾਜ ਸਰਕਾਰ ਕੋਲ ਪਏ ਹਨ ਪਰ ਆਪ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਇਸ ਸਾਲ ਦੌਰਾਨ ਸਿਰਫ 1500 ਕਰੋੜ ਰੁਪਏ ਹੀ ਪ੍ਰਾਪਤ ਹੋਏ ਹਨ। ਉਨਾਂ ਕਿਹਾ ਕਿ ਦੋਵਾਂ ਸਰਕਾਰਾਂ ਵਿਚਾਲੇ ਇਹ ਟਕਰਾਅ ਜਾਰੀ ਹੈ ਪਰ ਇਸ ਮਾਮਲੇ ਵਿਚ ਕਿਸਾਨਾਂ ਨੂੰ ਮਾਰ ਨਹੀਂ ਪੈਣੀ ਚਾਹੀਦੀ ਅਤੇ ਕੇਂਦਰ ਸਰਕਾਰ ਨੂੰ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਖ਼ਾਤੇ ਵਿਚ ਪਾਉਣਾ ਚਾਹੀਦਾ ਹੈ।
This news is auto published from an agency/source and may be published as received.
