ਫੀਡ ਵਿਕਰੇਤਾ ਅਤੇ ਫੀਡ ਤਿਆਰ ਕਰਨ ਵਾਲਿਆਂ ਲਈ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ: ਡਿਪਟੀ ਡਾਇਰੈਕਟਰ ਡੇਅਰੀ
ਫਤਹਿਗੜ੍ਹ ਸਾਹਿਬ : ਪਸ਼ੂ ਖੁਰਾਕ ਦੀ ਗੁਣਵੱਤਾ ਨੂੰ ਸੁਨਿਸ਼ਚਿਤ ਕਰਨ ਲਈ ਪਸ਼ੂ ਖੁਰਾਕ ਤਿਆਰ ਕਰਨ ਵਾਲੀਆਂ ਫੈਕਟਰੀਆਂ, ਫੀਡ ਵਿਕਰੇਤਾਵਾਂ ਅਤੇ ਫੀਡ ਵਿੱਚ ਪੈਣ ਵਾਲੇ ਵਾਧੂ ਧਾਤਾਂ ਦਾ ਚੂਰਾ ਅਤੇ ਹੋਰ ਖੁਰਾਕੀ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ।ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਦਲਵੀਰ ਕੁਮਾਰ ਨੇ ਦੱਸਿਆ ਕਿ ਫੀਡ ਦੀ ਵਿਕਰੀ ਕਰਨ ਵਾਲੇ ਹਰੇਕ ਵਿਕਰੇਤਾ ਅਤੇ ਫੀਡ ਤਿਆਰ ਕਰਨ ਵਾਲੇ ਹਰ ਵਿਅਕਤੀ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਆਪਣੀ ਰਜਿਸਟਰੇਸ਼ਨ ਡਿਪਟੀ ਡਾਇਰੈਕਟਰ ਡੇਅਰੀ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਕਰਵਾਉਣਗੇ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਖੇਤੀਬਾੜੀ ਰਹਿੰਦ ਖੂੰਹਦ ਜਿਵੇਂ ਕਿ ਤੇਲ ਸਮੇਤ ਖੱਲ, ਬਿਨਾਂ ਤੇਲ ਖੱਲ, ਰਾਈਸ ਪੋਲਿਸ਼, ਤੇਲ ਰਹਿਤ ਪੋਲਿਸ਼, ਕਣਕ ਦਾ ਚੋਕਰ, ਮੱਕੀ ਦੇ ਵੱਧ ਤੋ ਵੱਧ ਖਰੀਦ ਅਤੇ ਵੇਚ ਮੁੱਲ ਨਿਰਧਾਰਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਮ੍ਹਾਂਖੋਰੀ ਨੂੰ ਰੋਕਣ ਲਈ ਸਟਾਕ ਸਟੋਰ ਕਰਨ ਦੀ ਸੀਮਾ ਨਿਰਧਾਰਤ ਕੀਤੀ ਜਾਵੇਗੀ ਅਤੇ ਫੀਡ ਫਾਰਮੂਲਾ ਪ੍ਰੋਟੋਕਾਲ ਸੁਨਿਸ਼ਚਿਤ ਕਰਨ ਲਈ ਮਾਸਿਕ ਕੱਚੇ ਤੇਲ ਤੇ ਤਿਆਰ ਕੀਤੀ ਫੀਡ ਦੀਆਂ ਸਟੇਟਮੈਂਟਾਂ, ਵਿਭਾਗ ਨੂੰ ਦੇਣੀਆਂ ਜ਼ਰੂਰੀ ਹੋਣਗੀਆਂ।ਉਨ੍ਹਾਂ ਇਹ ਵੀ ਕਿਹਾ ਕਿ ਤਿਆਰ ਕੀਤੀ ਫੀਡ ਅਤੇ ਕੱਚੇ ਮਾਲ ਦਾ ਅਚਨਚੇਤ ਸੈਂਪਲ ਲੈ ਕੇ ਟੈਸਟ ਕਰਵਾਏ ਜਾਣਗੇ ਜਿਸ ਵਿੱਚ ਵਿਸ਼ੇਸ ਤੌਰ ਤੇ ਪ੍ਰੋਟੀਨ ਅਤੇ ਗੈਰ ਪ੍ਰੋਟੀਨ ਨਾਈਟਰੋਜਨ ਦਾ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਫੀਡ ਵਿੱਚ ਪਾਈ ਯੂਰੀਆ ਦੀ ਮਾਤਰਾ ਦਾ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਫੀਡ ਵਿੱਚ ਪਾਈ ਬੇਲੋੜੀ ਯੂਰੀਆ ਪਸ਼ੂਆਂ ਵਿੱਚ ਬਾਂਝਪਨ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਉੱਲੀ ਜ਼ਹਿਰ, ਤੇਲ, ਪ੍ਰੋਟੀਨ, ਫਾਈਬਰ, ਨਮੀ ਤੇ ਸੁੱਕੇ ਕੈਲਸ਼ੀਅਮ ਪਾਊਡਰ ਦੇ ਟੈਸਟ ਵੀ ਕਰਵਾਏ ਜਾਣਗੇ।
This news is auto published from an agency/source and may be published as received.
