
ਈ—ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਲਈ 4 ਤੋਂ 6 ਤੱਕ ਲੱਗੇਗਾ ਜਾਗਰੂਕਤਾ ਮੇਲਾ: ਅਸ਼ੋਕ ਕੁਮਾਰ
ਜਿ਼ਲ੍ਹਾ ਖਜ਼ਾਨਾ ਦਫ਼ਤਰ ਤੇ ਉਪ ਖਜ਼ਾਨਾ ਦਫ਼ਤਰਾਂ ਵਿੱਚ ਲਾਭ ਉਠਾ ਸਕਣਗੇ ਪੈਨਸ਼ਨਰ
ਫਤਹਿਗੜ੍ਹ ਸਾਹਿਬ, 2 ਦਸੰਬਰ:
ਪੰਜਾਬ ਸਰਕਾਰ ਨੇ ਈ—ਕੇ.ਵਾਈ.ਸੀ ਕਰਵਾਉਣ ਤੋਂ ਵਾਂਝੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਤਿੰਨ ਰੋਜ਼ਾ ਜਾਗਰੂਕਤਾ ਮੇਲਾ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਖਜ਼ਾਨਾ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਵੰਬਰ ਦੌਰਾਨ ਲੱਗੇ ਜਾਗਰੂਕਤਾ ਮੇਲੇ ਨੂੰ ਲੋੜਵੰਦਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਜਿਸ ਦੇ ਮੱਦੇਨਜ਼ਰ ਹੁਣ 4, 5 ਅਤੇ 6 ਦਸੰਬਰ ਨੂੰ ਜਿ਼ਲ੍ਹਾ ਖਜ਼ਾਨਾ ਦਫ਼ਤਰ ਫ਼ਤਹਿਗੜ੍ਹ ਸਾਹਿਬ ਅਤੇ ਉਪ ਖਜ਼ਾਨਾ ਦਫ਼ਤਰਾਂ ਬਸੀ ਪਠਾਣਾ, ਖਮਾਣੋਂ ਅਤੇ ਅਮਲੋਹ ਵਿਖੇ ਜਾਗਰੂਕਤਾ ਮੇਲੇ ਲਗਾ ਕੇ ਈ—ਕੇ.ਵਾਈ.ਸੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਜਿ਼ਲ੍ਹਾ ਖਜ਼ਾਨਾ ਅਫ਼ਸਰ ਅਸੋ਼ਕ ਕੁਮਾਰ ਨੇ ਦੱਸਿਆ ਕਿ ਜਿਹੜੇ ਪੈਨਸ਼ਨਰ, ਪੈਨਸ਼ਨ ਸੇਵਾ ਪੋਰਟਲ ਉਤੇ ਕਿਸੇ ਕਾਰਨ ਆਪਣੇ ਆਪ ਨੂੰ ਦਰਜ ਨਹੀਂ ਕਰਵਾ ਸਕੇ ਸਨ, ਉਨ੍ਹਾਂ ਲਈ ਇਹ ਮੇਲਾ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰ ਲਈ ਈ—ਕੇ.ਵਾਈ.ਸੀ ਲਾਜ਼ਮੀ ਹੈ। ਜਿ਼ਲ੍ਹਾ ਖਜ਼ਾਨਾ ਅਫਸਰ ਨੇ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਬੈਂਕਾਂ ਵਿੱਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ਉਸੇ ਤਰ੍ਹਾਂ ਇਸ ਪੋਰਟਲ ਤੇ ਰਜਿਸਟਰਡ ਹੋਣ ਨਾਲ ਮਹੀਨਾਵਾਰ ਪੈਨਸ਼ਨ ਦੀ ਅਕਾਊਂਟਿੰਗ, ਡਾਟਾ ਸਿ਼ਕਾਇਤ ਨਿਵਾਰਨ ਸਕਸੈਸ਼ਨ ਮੋਡਿਊਲ ਆਦਿ ਦੀ ਵਿਵਸਥਾ ਉਪਲਬਧ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਿਹੜੇ ਪੈਨਸ਼ਨਰ ਜੀਵਨ ਪ੍ਰਮਾਣ ਪੱਤਰ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ ਪਰ ਪੈਨਸ਼ਨ ਸੇਵਾ ਪੋਰਟਲ ਉਤੇ ਰਜਿਸਟਰਡ ਨਹੀਂ ਹੋਏ, ਉਨ੍ਹਾਂ ਲਈ ਵੀ ਇਹ ਰਜਿਸਟਰੇਸ਼ਨ ਲਾਜ਼ਮੀ ਹੈ।
This news is auto published from an agency/source and may be published as received.
