ਪੰਜਾਬ ’ਚ ਬੱਸਾਂ ਦਾ ਚੱਕਾ ਜਾਮ, ਥਾਂ-ਥਾਂ ਧਰਨੇ

ਪਟਿਆਲਾ : ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੇ ਰੇੜਕੇ ਕਾਰਨ ਪੁਲੀਸ ਨੇ ਅੱਜ ਸੁਵੱਖਤੇ ਹੀ ਪੀ ਆਰ ਟੀ ਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਈ ਵੱਡੇ ਆਗੂਆਂ ਨੂੰ ਘਰੋਂ ਚੁੱਕ ਕੇ ਥਾਣਿਆਂ ’ਚ ਬੰਦ ਕਰ ਦਿੱਤਾ, ਜਿਸ ਦੇ ਰੋਸ ਵਜੋਂ ਵਰਕਰਾਂ ਨੇ ਬੱਸਾਂ ਦਾ ਚੱਕਾ ਜਾਮ ਕਰਦਿਆਂ ਬੱਸ ਅੱਡਿਆਂ ਅੱਗੇ ਧਰਨੇ ਲਾ ਦਿੱਤੇ। ਕਈ ਥਾਈਂ ਵਰਕਰ ਪੈਟਰੋਲ ਦੀਆਂ ਬੋਤਲਾਂ ਸਮੇਤ ਉੱਚੀਆਂ ਥਾਵਾਂ ’ਤੇ ਜਾ ਚੜ੍ਹੇ। ਪੁਲੀਸ ਕਾਰਵਾਈ ਦੌਰਾਨ ਹੋਈ ਖਿੱਚ-ਧੂਹ ’ਚ ਕਈ ਕਾਮਿਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕੱਪੜੇ ਫਟ ਗਏ ਤੇ ਸੱਟਾਂ ਵੱਜੀਆਂ। ਇਸੇ ਦੌਰਾਨ ਦੋ ਥਾਣਾ ਮੁਖੀਆਂ ਸਮੇਤ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਧੂਰੀ ਦਾ ਥਾਣਾ ਮੁਖੀ ਅੱਗ ਦੀ ਲਪੇਟ ’ਚ ਆ ਗਿਆ, ਜਦਕਿ ਕਿਸੇ ਨੁਕੀਲੀ ਵਸਤੂ ਦੇ ਵਾਰ ਨਾਲ ਪਟਿਆਲਾ ਦੇ ਇੰਸਪੈਕਟਰ ਗੁਰਪ੍ਰੀਤ ਸਮਰਾਓ ਦੇ ਗੁੱਟ ਦਾ ਕਾਫੀ ਹਿੱਸਾ ਵੱਢਿਆ ਗਿਆ ਅਤੇ ਕਈ ਟਾਂਕੇ ਲੱਗੇ ਹਨ। ਪੁਲੀਸ ਨੇ ਜਬਰੀ ਧਰਨੇ ਚੁਕਵਾ ਕੇ ਆਵਾਜਾਈ ਬਹਾਲ ਕਰਵਾਈ ਅਤੇ ਪੰਜਾਬ ਰੋਡਵੇਜ਼ ਦੇ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਖੁੱਲ੍ਹਵਾਉਣ ’ਚ ਵੀ ਉਹ ਸਫ਼ਲ ਰਹੀ। ਉਂਝ ਪਟਿਆਲਾ ਸਮੇਤ ਕਈ ਥਾਈਂ ਦੇਰ ਰਾਤ ਤੱਕ ਧਰਨੇ ਜਾਰੀ ਸਨ ਅਤੇ ਹੜਤਾਲ ਵੀ ਚੱਲ ਰਹੀ ਹੈ। ਇਸ ਦੇ ਨਾਲ ਹੀ ਗੱਲਬਾਤ ਵੀ ਚੱਲ ਰਹੀ ਹੈ। ਕਿਲੋਮੀਟਰ ਸਕੀਮ ਦੇ ਬੈਨਰ ਹੇਠਾਂ ਪ੍ਰਾਈਵੇਟ ਕੰਪਨੀਆਂ ਦੀ ਅਜ਼ਾਰੇਦਾਰੀ ਨੂੰ ਸਰਕਾਰ ਨੇ ਜਾਰੀ ਰੱਖਿਆ ਹੈ। ਪੰਜਾਬ ਰੋਡਵੇਜ਼ ਵੱਲੋਂ ਅੱਜ ਟੈਂਡਰ ਖੋਲ੍ਹਣ ਦਾ ਪ੍ਰੋਗਰਾਮ ਸੀ ਜਿਸ ਦੇ ਵਿਰੋਧ ’ਚ ਯੂਨੀਅਨ ਨੇ ਵੀ ਚੱਕਾ ਜਾਮ ਤੇ ਹੜਤਾਲ ਦਾ ਐਲਾਨ ਕੀਤਾ ਸੀ। ਸੁਲਤਾਨ ਸਿੰਘ ਨਾਮ ਦਾ ਡਰਾਈਵਰ ਇਕੱਲਾ ਹੀ ਦਰਜਨ ਭਰ ਪੁਲੀਸ ਵਾਲਿਆਂ ’ਤੇ ਭਾਰੂ ਪੈਂਦਾ ਰਿਹਾ ਅਤੇ ਪੁਲੀਸ ਨੇ ਉਸ ਦੀ ਇਸ ਕਦਰ ਖਿੱਚ-ਧੂਹ ਕੀਤੀ ਕਿ ਉਸ ਦੇ ਕੱਪੜੇ ਲਹਿ ਗਏ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਚੁੱਕੇ ਬਹੁਤੇ ਪ੍ਰਦਰਸ਼ਨਕਾਰੀ ਦੇਰ ਰਾਤ ਤੱਕ ਥਾਣਿਆਂ ’ਚ ਬੰਦ ਸਨ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਨੂੰ ਵੀ ਪੁਲੀਸ ਨੇ ਘੱਗਾ ਥਾਣੇ ’ਚ ਬੰਦ ਕੀਤਾ ਹੋਇਆ ਹੈ। ਹਮਾਇਤ ’ਚ ਝੰਡੇ ਲੈ ਕੇ ਪੁੱਜੇ ਕਿਸਾਨਾਂ ਦੀ ਗਿਣਤੀ ਬਹੁਤੀ ਨਾ ਹੋਣ ਕਰਕੇ ਪੁਲੀਸ ਨੇ ਉਨ੍ਹਾਂ ਦੀ ਕੋਈ ਪ੍ਰ੍ਰਵਾਹ ਨਾ ਕੀਤੀ।

ਉਧਰ ਧਰਨੇ ਨੂੰ ਖਦੇੜਨ ਦੀ ਅਗਵਾਈ ਕਰਨ ਵਾਲੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ (ਵਾਸੀ ਜੋਗੀਪੁਰ) ਨੂੰ ਜਦੋਂ ਇਸ ਪੱਤਰਕਾਰ ਨੇ ਗੁੱੱਟ ’ਤੇ ਪੱਟੀ ਬੰਨ੍ਹਣ ਦਾ ਕਾਰਨ ਪੁੱਛਿਆਂ ਤਾਂ ਉਸ ਦਾ ਕਹਿਣਾ ਸੀ ਕਿ ਕਿਸੇ ਪ੍ਰਦਰਸ਼ਨਕਾਰੀ ਨੇ ਕੋਈ ਤਿੱਖੀ ਚੀਜ਼ ਮਾਰੀ ਹੈ। ਉਨ੍ਹਾਂ ਥਾਣੇ ਦੇ ਏ ਐੱਸ ਆਈ ਹਰਪ੍ਰੀਤ ਸਿੰਘ ਅਤੇ ਹੌਲਦਾਰ ਰਜਿੰਦਰ ਸਿੰਘ ਦੇ ਵੀ ਗਹਿਰੀਆਂ ਸੱਟਾਂ ਵੱਜਣ ਦਾ ਦਾਅਵਾ ਕੀਤਾ ਹੈ।

ਬੱਸਾਂ ਦੀ ਹੜਤਾਲ ਕਾਰਨ ਅੱਜ ਫਿਰ ਲੋਕ ਖੱਜਲ ਖੁਆਰ ਹੋਏ। ਸੁਵੱਖਤੇ ਹੀ ਹੜਤਾਲ, ਚੱਕਾ ਜਾਮ ਤੇ ਬੱਸ ਅੱਡਿਆਂ ਦੀ ਤਾਲਾਬੰਦੀ ਹੋ ਜਾਣ ਕਰਕੇ ਬੱਸਾਂ ਰਾਹੀਂ ਸਫਰ ਕਰਨ ਵਾਲਿਆਂ, ਜਿਨ੍ਹਾਂ ਵਿੱਚ ਬਜ਼ੁਰਗ, ਔਰਤਾਂ ਤੇ ਹੋਰ ਲੋਕ ਸ਼ਾਮਲ ਹਨ, ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਅਨੇਕਾਂ ਲੋਕ ਆਪਣੇ ਜ਼ਰੂਰੀ ਰੁਝੇਵਿਆਂ ’ਚ ਸ਼ਾਮਲ ਹੋਣ ਤੋਂ ਵੀ ਵਾਂਝੇ ਰਹਿ ਗਏ। ਇਸ ਤੋਂ ਇਲਾਵਾ ਸੜਕਾਂ ’ਤੇ ਲੱਗੇ ਲੰਬੇ ਜਾਮ ਕਰਕੇ ਹੋਰ ਵਾਹਨ ਸਵਾਰਾਂ ਤੇ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪਿਆ।

This news is auto published from an agency/source and may be published as received.

Leave a Reply

Your email address will not be published. Required fields are marked *