ਪੰਜਾਬ ਸਰਕਾਰ ਬੱਸੀ ਪਠਾਣਾਂ ਹਲਕੇ ਦੇ ਖੇਤਰ ਦੀ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏ- ਗੁਰਜੀਤ ਸਿੰਘ ਪੰਜੋਲੀ

ਬੱਸੀ ਪਠਾਣਾਂ: ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਵਿੱਚ ਕੱਲ ਪਏ ਗੜੇ ਕਿਸਾਨੀ ਉੱਤੇ ਵੱਡਾ ਕਹਿਰ ਗੁਜਾਰ ਗਏ।ਅਜੇ ਕਿਸਾਨ ਪੂਰੀ ਤਰ੍ਹਾਂ ਬਰਸਾਤ ਦੇ ਮੌਸਮ ਵਿੱਚ ਆਏ ਹੜ੍ਹਾਂ ਦੀ ਮਾਰ ਤੋਂ ਉੱਭਰੀ ਵੀ ਨਹੀਂ ਸੀ, ਕਿ ਅਸਮਾਨੋਂ ਪਏ ਗੜ੍ਹਿਆਂ ਨੇ ਫਸਲਾਂ ਦੇ ਨਾਲ-ਨਾਲ ਕਿਸਾਨੀ ਦੇ ਸਾਰੇ ਸੁਪਨਿਆਂ ਨੂੰ ਝੰਭ ਕੇ ਰੱਖ ਦਿੱਤਾ। ਭਾਵੇਂ ਕੱਲ 31 ਜਨਵਰੀ ਨੂੰ ਰੁੱਕ-ਰੁੱਕ ਕੇ ਸ਼ੁਰੂ ਹੋਈ ਬਰਸਾਤ ਨੂੰ ਵੇਖ ਕੇ ਕਿਸਾਨੀ ‘ਚ ਖੁਸ਼ੀ ਦਾ ਮਾਹੌਲ ਸੀ, ਪਰ 1 ਫਰਵਰੀ ਨੂੰ ਸਵੇਰੇ 10 ਵਜੇ ਪਏ ਗੜਿਆਂ ਨੇ ਇਹ ਸਾਰੀ ਖੁਸ਼ੀ ਨਿਰਾਸ਼ਾ ਵਿੱਚ ਬਦਲ ਦਿੱਤੀ। ਗੜਿਆਂ ਕਾਰਨ ਅਗੇਤੀ ਸਰ੍ਹੋਂ, ਅਗੇਤੀ ਕਣਕ ਤੇ ਸਬਜੀਆਂ ਬਿਲਕੁਲ ਤਬਾਹ ਗਈਆਂ, ਜਦਕਿ ਕਮਜ਼ੋਰ ਤਣੇ ਵਾਲੀ ਬਰਸੀਮ ਤੇ ਜਵੀਂ ਨੂੰ ਗੜਿਆਂ ਨੇ ਟੁਕੜੇ-ਟੁਕੜੇ ਕਰ ਦਿੱਤਾ। ਇਸਦੇ ਨਾਲ ਹੀ ਨਿਸਾਰੇ ‘ਤੇ ਆਈ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਵੀ ਨੁਕਸਾਨ ਹੋਇਆ। ਚੋਣਵੇਂ ਖੇਤਰਾਂ ਵਿੱਚ ਪਏ ਗੜ੍ਹੇ ਇੱਕ ਤਰ੍ਹਾਂ ਨਾਲ ਹਿਮਾਚਲ ਵਾਲੀ ਬਰਫ ਦਾ ਪ੍ਰਭਾਵ ਦੇ ਰਹੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਪੰਜੋਲੀ ਨੇ ਪਤਰਕਾਰਾਂ ਨਾਲ ਗਲਬਾਤ ਕੀਤਾ। ਉਨ੍ਹਾਂ ਕਿਹਾ ਕਿ ਗੜ੍ਹਿਆਂ ਕਾਰਨ ਹਲਕੇ ਦੇ ਕਈ ਪਿੰਡਾਂ ਦੀ ਹਾੜੀ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨੀ ਦੀ ਆਰਥਿਕ ਹਾਲਤ ਹੋਰ ਪਤਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਤੋਂ ਕਿਸਾਨੀਂ ਨੂੰ ਉਭਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਸਾਉਣੀ ਦੀ ਫਸਲ ਵਿੱਚ ਕਿਸਾਨਾਂ ਦਾ ਸਿਰਫ ਖਰਚਾ ਹੀ ਪੂਰਾ ਹੁੰਦਾ ਹੈ, ਜਦਕਿ ਹਾੜੀ ਦੀ ਫਸਲ ਬਚਣ ਲਈ ਹੁੰਦੀ ਹੈ, ਪਰ ਹੁਣ ਪਏ ਗੜਿਆਂ ਨੇ ਫਸਲ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨੀ ਦੀ ਬਾਂਹ ਫੜੇ ਅਤੇ ਹੋਏ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਵਾਵੇ। ਗੜ੍ਹੇਮਾਰੀ ਕਾਰਨ ਵੱਡੀ ਸਿਰਦਰਦੀ ਹੁਣ ਪਸ਼ੂਆਂ ਦੇ ਹਰ੍ਹੇ ਚਾਰੇ ਦੀ ਪੈਦਾ ਹੋ ਗਈ ਹੈ, ਜਿੱਥੇ ਬਰਸੀਮ ਨੂੰ ਤੋੜ ਦਿੱਤਾ ਹੈ, ਉਥੇ ਹੀ ਹੋਰ ਬੀਜਿਆ ਹੋਇਆ ਹਰਾ ਚਾਰਾ ਵੀ ਖ਼ਰਾਬ ਹੋ ਚੁੱਕਾ ਹੈ, ਜਿਸ ਨੂੰ ਮੁੜ ਉਭਰਨ ਵਿੱਚ ਸਮਾਂ ਲੱਗੇਗਾ। ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨੀ ਇੱਕ ਵਾਰ ਫਿਰ ਤੋਂ ਸੰਕਟ ਵਿੱਚ ਆ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਹ ਬੱਸੀ ਪਠਾਣਾਂ ਹਲਕੇ ਦੇ ਖੇਤਰ ਦੀ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏ ਤਾਂ ਜੋ ਪੰਜਾਬ ਦਾ ਕਿਸਾਨ ਮੁੜ ਤੋਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਸਕੇ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ