ਸੁਰੱਖਿਆ ਅਫਸਰ ਨੇ ਭਾਰਤ ਸਰਕਾਰ ’ਤੇ 550 ਕਰੋੜ ਦਾ ਮਾਣਹਾਨੀ ਦਾਅਵਾ ਠੋਕਿਆ

ਵੈਨਕੂਵਰ : ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਦੇ ਸੁਪਰਡੈਂਟ ਤੇ ਕੈਨੇਡਾ ਵਿੱਚ ਜੰਮੇ ਪਲੇ ਅਤੇ ਐਬਰਫੋਰਡ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਉਰਫ ਸੰਨੀ ਨੇ ਪਿਛਲੇ ਸਾਲ ਉਸ ਦੀ ਫੋਟੋ ਲਗਾ ਕੇ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਵਲੋਂ ਉਸ ਨੂੰ ਕੱਟੜ ਅਤਿਵਾਦੀ, ਖਾਲਿਸਤਾਨੀ ਸਮਰਥਕ ਅਤੇ ਕੈਨੇਡਾ ਦਾ ਮੋਸਟ ਵਾਂਟਡ ਭਗੌੜਾ ਗਰਦਾਨ ਕੇ ਕੀਤੇ ਗਏ ਕਥਿਤ ਗਲਤ ਤੇ ਬੇਬੁਨਿਆਦ ਪ੍ਰਚਾਰ ਲਈ ਓਂਟਾਰੀਓ ਦੀ ਅਦਾਲਤ ਵਿੱਚ ਭਾਰਤ ਸਰਕਾਰ ਵਿਰੁੱਧ 9 ਕਰੋੜ ਡਾਲਰ (550 ਕਰੋੜ ਰੁਪਏ) ਦਾ ਦਾਅਵਾ ਠੋਕਿਆ ਹੈ।

ਦਾਅਵੇ ਵਿੱਚ ਕੈਨੇਡਾ ਸਰਕਾਰ ਨੂੰ ਵੀ ਪਾਰਟੀ ਬਣਾਇਆ ਗਿਆ ਹੈ, ਕਿਉਂਕਿ ਉਹ ਵਿਦੇਸ਼ੀ ਸਰਕਾਰ ਅਤੇ ਉਸ ਦੇ ਮੀਡੀਆ ਅਦਾਰਿਆਂ ਵਲੋਂ ਖਾਸ ਮਕਸਦ ਨੂੰ ਲੈ ਕੇ ਕੀਤੇ ਬੇਬੁਨਿਆਦ ਪ੍ਰਚਾਰ ਨੂੰ ਰੋਕਣ ਵਿੱਚ ਅਸਫਲ ਰਹੀ।

ਸਿੱਧੂ ਨੇ ਆਪਣੇ ਵਕੀਲ ਜੈਫ਼ਰੀ ਕਰੋਕਰ ਰਾਹੀਂ ਦਰਜ ਕੀਤੇ ਮਾਣਹਾਨੀ ਕੇਸ ਵਿੱਚ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਤੇ ਬਦਨਾਮ ਕੀਤੇ ਜਾਣ ਦਾ ਸਾਰਾ ਚਿੱਠਾ ਫਰੋਲਿਆ ਹੈ। ਉਸ ਨੇ ਕਿਹਾ ਕਿ ਕੈਨੇਡਾ ਦੀ ਬਾਰਡਰ ਏਜੰਸੀ ਵਿੱਚ ਉੱਚ ਅਹੁਦੇ ’ਤੇ ਡਿਊਟੀ ਨਿਭਾਉਂਦੇ ਹੋਏ ਵੀ ਉਸ ਨੂੰ ਭਗੌੜਾ ਕਰਾਰ ਦੇ ਕੇ ਭੰਡਿਆ ਗਿਆ। ਉਸ ਨੇ ਦਾਅਵਾ ਕੀਤਾ ਕਿ ਸਮਾਜਿਕ ਬਦਨਾਮੀ, ਪ੍ਰੇਸ਼ਾਨੀ ਅਤੇ ਅਸੁਰੱਖਿਆ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਵੈਨਕੂਵਰ ਦੇ ਹਸਪਤਾਲ ‘ਚ ਕਈ ਮਹੀਨੇ ਦਾਖਲ ਰਹਿਣ ਮਗਰੋਂ ਠੀਕ ਹੋ ਸਕਿਆ। ਸੰਨੀ ਨੇ ਦਾਅਵੇ ਲਈ ਦਸਤਾਵੇਜ਼ੀ ਸਬੂਤ ਵੀ ਨੱਥੀ ਕੀਤੇ ਹਨ।

ਸੰਨੀ ਦੇ ਵਕੀਲ ਨੇ ਮਾਣਹਾਨੀ ਪਟੀਸ਼ਨ ਵਿਚ ਦਾਅਵਾ ਕੀਤਾ ਕਿ ਉਸ ਦੇ ਮੁਵੱਕਿਲ ਨੂੰ ਖਾਸ ਫਿਰਕੇ ਦੀ ਪਹਿਚਾਣ ਵਾਲਾ ਹੋਣ ਕਰਕੇ ਭਾਰਤ ਸਰਕਾਰ ਅਤੇ ਉਥੋਂ ਦੇ ਮੀਡੀਆ ਵੱਲੋਂ ਨਿਸ਼ਾਨਾ ਬਣਾ ਕੇ ਭੰਡਿਆ ਗਿਆ ਤਾਂ ਜੋ ਆਲਮੀ ਪੱਧਰ ਉੱਤੇ ਕੈਨੇਡਾ ਸਰਕਾਰ ਉੱਤੇ ਸਵਾਲ ਉੱਠਾਏ ਜਾ ਸਕਣ। ਉਸ ਨੇ ਕਿਹਾ ਕਿ ਭਾਰਤੀ ਮੀਡੀਆ ਵਲੋਂ ਉਸ ਦੀ ਉਹ ਫੋਟੋ ਵਰਤੀ ਗਈ, ਜੋ ਉਸ ਨੇ 2018 ਵਿਚ ਭਾਰਤ ਦਾ ਵੀਜ਼ਾ ਲੈਣ ਲਈ ਅਰਜ਼ੀ ਉੱਤੇ ਚਿਪਕਾਈ ਸੀ। ਗਲੋਬ ਐਂਡ ਮੇਲ ਸਮੇਤ ਇੱਥੋਂ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਸਿੱਧੂ ਦੇ ਮਾਣਹਾਨੀ ਦਾਅਵੇ ਨੂੰ ਸੁਰਖੀਆਂ ਬਣਾ ਕੇ ਕਈ ਭੁੱਲੀਆਂ ਹੋਈਆਂ ਗੱਲਾਂ ਵੀ ਪਾਠਕਾਂ ਨੂੰ ਚੇਤੇ ਕਰਾਈਆਂ ਹਨ।

Leave a Reply

Your email address will not be published. Required fields are marked *