ਗੁਰਪ੍ਰੀਤ ਸਿੰਘ ਬਿਲਿੰਗ 7508698066
ਭਾਰਤ ਦੀ ਸੱਭਿਆਚਾਰਕ ਆਵਾਜ਼ ਅਤੇ ਉਸ ਦੀ ਵਿਸ਼ਵ-ਪਹੁੰਚ ਦੇ ਕੇਂਦਰ ਵਿੱਚ ਕਈ ਦਹਾਕਿਆਂ ਤੱਕ ਸ਼ਾਰਟਵੇਵ ਰੇਡੀਓ ਇੱਕ ਅਹਿਮ ਮਾਧਿਅਮ ਰਿਹਾ ਹੈ। ਜਿੱਥੇ ਮੀਡੀਅਮ ਵੇਵ ਦੇ ਰੇਡਿਓ ਚੈਨਲਾਂ ਨੇ ਭਾਰਤ ਦੇ ਹਰ ਕੋਨੇ ਨੂੰ ਜੋੜਿਆ। ਉੱਥੇ “ਆਲ ਇੰਡੀਆ ਰੇਡੀਓ” ਦੀ ਅੰਤਰਰਾਸ਼ਟਰੀ ਸ਼ਾਰਟਵੇਵ ਸੇਵਾਵਾਂ ਨੇ ਭਾਰਤ ਦੇ ਵਿਚਾਰ, ਸੱਭਿਆਚਾਰ, ਭਾਸ਼ਾਵਾਂ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਗੁਆਂਢੀ ਦੇਸ਼ਾਂ ਅਤੇ ਵਿਸ਼ਵ ਭਰ ਵਿੱਚ ਅਰਬਾਂ ਲੋਕਾਂ ਤੱਕ ਪਹੁੰਚਾਇਆ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਸ਼ਾਰਟਵੇਵ ਪ੍ਰਸਾਰਣ ਨੂੰ ਘਟਾਇਆ ਗਿਆ ਹੈ ਅਤੇ ਕਈ ਸੇਵਾਵਾਂ ਨੂੰ ਬੰਦ ਕੀਤਾ ਗਿਆ ਹੈ। ਜਿਸ ਨਾਲ ਭਾਰਤ ਦੀ ਇਸ ਅਹਿਮ ਆਵਾਜ਼ ਦੇ ਕਮਜ਼ੋਰ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਆਕਾਸ਼ਵਾਣੀ ਦੀ ਉਰਦੂ ਸੇਵਾ, ਵਿਵਿਧ ਭਾਰਤੀ ਅਤੇ ਹੋਰ ਕਈ ਸ਼ਾਰਟਵੇਵ ਚੈਨਲ ਜੋ ਕਦੇ ਦੱਖਣ ਏਸ਼ੀਆ, ਮੱਧ-ਪੂਰਬ ਅਤੇ ਕੇਂਦਰੀ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਸੁਣੇ ਜਾਂਦੇ ਸਨ, ਹੁਣ ਸ਼ਾਰਟਵੇਵ ਬੈਂਡ ਤੋਂ ਲਾਪਤਾ ਹਨ। ਜਲੰਧਰ ਮੀਡੀਅਮ ਵੇਵ ਤੋਂ ਚਲਦੇ ਪੰਜਾਬੀ ਪ੍ਰੋਗਰਾਮ—ਦੇਸ਼ ਪੰਜਾਬ ਅਤੇ ਯੁਵਵਾਣੀ—ਜੋ ਦੋਨੋਂ ਪਾਸਿਆਂ ਦੇ ਪੰਜਾਬੀ-ਬੋਲਣ ਵਾਲੇ ਲੋਕਾਂ ਵਿੱਚ ਮਾਨਵਤਾ ਅਤੇ ਭਰੋਸੇ ਦੇ ਪੁਲ ਬਣਾਉਂਦੇ ਸਨ, ਉਹ ਮੀਡੀਅਮ ਵੇਵ ਤੋਂ ਬੰਦ ਕਰ ਦਿੱਤੇ ਗਏ ਹਨ। ਦੋਨੋ ਪ੍ਰੋਗਰਾਮ ਹੁਣ newsonair ਐਪ/ਡੀਟੀਐਚ ਤੇ ਚਲ ਰਹੇ ਹਨ। ਮੀਡੀਅਮ ਵੇਵ ਤੇ ਇਹ ਉਹ ਚੈਨਲ/ਪ੍ਰੋਗਰਾਮ ਸਨ, ਜੋ ਗਰੀਬ ਸਰੋਤਿਆਂ ਅਤੇ ਪਰਵਾਸੀ ਮਜ਼ਦੂਰਾਂ ਲਈ ਮਾਤ-ਭਾਸ਼ਾ ਅਤੇ ਮਾਤ-ਭੂਮੀ ਨਾਲ ਜੋੜ ਬਣਾਈ ਰੱਖਦੇ ਸਨ। ਸਥਿਤੀ ਇਸ ਤਰ੍ਹਾਂ ਬਣ ਗਈ ਹੈ ਕਿ ਜਿੱਥੇ ਇੰਟਰਨੈੱਟ ਅਤੇ ਐਪ ਉਪਲਬਧ ਨਹੀਂ, ਉੱਥੇ ਆਵਾਜ਼ ਪਹੁੰਚਣੀ ਬੰਦ ਹੋ ਗਈ ਹੈ।
ਅੰਤਰਰਾਸ਼ਟਰੀ ਸੰਦਰਭ ਵਿੱਚ ਇਹ ਫੈਸਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ। ਦੁਨੀਆ ਦੇ ਵੱਡੇ ਦੇਸ਼ ਅਜੇ ਵੀ ਸ਼ਾਰਟਵੇਵ ਬੈਂਡ ਨੂੰ ਛੱਡਣ ਲਈ ਤਿਆਰ ਨਹੀਂ। ਚੀਨ ਆਪਣੇ ਦਰਜਨਾਂ ਸ਼ਾਰਟਵੇਵ ਟਰਾਂਸਮਿਟਰਾਂ ਰਾਹੀਂ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਪ੍ਰਭਾਵ ਪੈਦਾ ਕਰ ਰਿਹਾ ਹੈ ਅਤੇ ਹਰ ਗੁਆਂਢੀ ਦੇਸ਼ ਲਈ ਉਸ ਦੀ ਭਾਸ਼ਾ ਵਿੱਚ ਪ੍ਰਸਾਰਣ ਕਰਦਾ ਹੈ। ਅਮਰੀਕਾ, ਰੂਸ, ਜਰਮਨੀ ਅਤੇ ਫਰਾਂਸ ਵੀ ਅਜੇ ਤੱਕ ਇਸ ਮਾਧਿਅਮ ਨੂੰ ਜ਼ਿੰਦਾ ਰੱਖੇ ਹੋਏ ਹਨ। ਹਾਲ ਹੀ ਵਿੱਚ ਫਿਲੀਪੀਨਜ਼ ਨੇ ਵੀ ਅੰਤਰਰਾਸ਼ਟਰੀ ਸ਼ਾਰਟਵੇਵ ਚੈਨਲ ਮੁੜ ਚਾਲੂ ਕਰ ਦਿੱਤੇ ਹਨ, ਜਿਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਸ਼ਾਰਟਵੇਵ ਰੇਡੀਓ “ਪੁਰਾਣੀ ਤਕਨੀਕ” ਨਹੀਂ—ਸਗੋਂ ਅੰਤਰਰਾਸ਼ਟਰੀ ਸੰਚਾਰ ਦਾ ਅਜੇ ਵੀ ਭਰੋਸੇਮੰਦ ਅਤੇ ਰਣਨੀਤਕ ਸਾਧਨ ਹੈ।
ਅੰਤਰਰਾਸ਼ਟਰੀ ਸੰਚਾਰ ਕੇਵਲ ਤਕਨੀਕ ਦਾ ਵਿਸ਼ਾ ਨਹੀਂ, ਸਗੋਂ ਸੱਭਿਆਚਾਰਕ ਰਾਜਨੀਤੀ (Cultural Diplomacy) ਦਾ ਅਹਿਮ ਹਿੱਸਾ ਹੈ। ਜਦੋਂ ਇੱਕ ਦੇਸ਼ ਆਪਣੀ ਭਾਸ਼ਾ, ਸੰਗੀਤ, ਵਿਚਾਰਧਾਰਾ ਅਤੇ ਸੰਦੇਸ਼ ਨੂੰ ਦੁਨੀਆ ਤੱਕ ਲਗਾਤਾਰ ਅਤੇ ਬਿਨਾਂ ਰੁਕਾਵਟ ਪਹੁੰਚਾਉਂਦਾ ਹੈ, ਤਾਂ ਉਹ ਕੇਵਲ ਜਾਣਕਾਰੀ ਨਹੀਂ, ਬਲਕਿ ਪ੍ਰਭਾਵ ਵੀ ਬਣਾਉਂਦਾ ਹੈ। ਸ਼ਾਰਟਵੇਵ ਇਸ ਪ੍ਰਭਾਵ ਦਾ ਸਭ ਤੋਂ ਸਸਤਾ ਅਤੇ ਵਿਆਪਕ ਸਾਧਨ ਹੈ। ਜਿਹੜੇ ਦੇਸ਼ ਅੰਤਰਰਾਸ਼ਟਰੀ ਹਵਾ-ਤਰੰਗਾਂ ‘ਤੇ ਆਪਣੀ ਆਵਾਜ਼ ਬਰਕਰਾਰ ਰੱਖਦੇ ਹਨ, ਉਹਨਾਂ ਦੀ ਮੌਜੂਦਗੀ ਹੀ ਉਨ੍ਹਾਂ ਦੀ ਤਾਕਤ ਬਣਦੀ ਹੈ — ਇਸ ਲਈ ਭਾਰਤ ਵਰਗੇ ਦੇਸ਼ ਲਈ ਇਹ ਸਿਰਫ਼ ਤਕਨੀਕੀ ਮਾਮਲਾ ਨਹੀਂ, ਸਗੋਂ ਰਣਨੀਤਕ ਜ਼ਿੰਮੇਵਾਰੀ ਹੈ।
ਇੰਟਰਨੈੱਟ ਦੇ ਯੁੱਗ ਵਿੱਚ ਵੀ ਸ਼ਾਰਟਵੇਵ ਦੀ ਲੋੜ ਇਸ ਲਈ ਕਾਇਮ ਹੈ ਕਿ ਇਹ ਬਿਨਾਂ ਕਿਸੀ ਵੱਡੇ ਬੁਨਿਆਦੀ ਢਾਂਚੇ ਅਤੇ ਬਿਨਾਂ ਕਿਸੇ ਨੈੱਟਵਰਕ ਦੇ ਕੰਮ ਕਰਦਾ ਹੈ। ਜਦ ਇੰਟਰਨੈੱਟ ਬੰਦ ਹੋ ਜਾਂਦਾ ਹੈ, ਜਦ ਹੜ, ਭੂਚਾਲ, ਸੁਨਾਮੀ ਆਦਿ ਦਾ ਸੰਕਟ ਆ ਜਾਂਦਾ ਹੈ ਜਾਂ ਜਦ ਰਾਜ ਸਰਕਾਰਾਂ ਜਾਣਕਾਰੀ ਰੋਕ ਦਿੰਦੀਆਂ ਹਨ, ਤਦ ਸ਼ਾਰਟਵੇਵ ਹੀ ਉਹ ਆਵਾਜ਼ ਹੁੰਦੀ ਹੈ, ਜੋ ਬੇਰੋਕ ਰਹਿੰਦੀ ਹੈ। ਇਹ ਤਰੰਗਾਂ ਪਹਾੜ, ਰੇਗਿਸਤਾਨ, ਸਮੁੰਦਰ, ਸਰਹੱਦ ਅਤੇ ਦੂਰ-ਦਰਾਜ ਬਸਤੀਆਂ ਤੱਕ ਬਿਨਾਂ ਰੁਕਾਵਟ ਪਹੁੰਚਦੀਆਂ ਹਨ। ਇੱਥੇ ਇਹ ਵੀ ਯਾਦ ਰਹੇ ਕਿ ਦੱਖਣੀ ਏਸ਼ੀਆ ਅਤੇ ਭਾਰਤ ਦੇ ਕਈ ਹਿੱਸੇ ਅਜੇ ਵੀ ਉਹ ਹਨ, ਜਿੱਥੇ ਨਾ ਐਫ਼ਐਮ ਹੈ, ਨਾ ਡੀਟੀਐਚ ਅਤੇ ਨਾ ਹੀ ਭਰੋਸੇਯੋਗ ਇੰਟਰਨੈੱਟ ਹੈ।
ਭਾਰਤ ਜਿਹੇ ਵਿਸ਼ਾਲ ਅਤੇ ਭੂਗੋਲਿਕ ਤੌਰ ‘ਤੇ ਵੱਖ-ਵੱਖ ਦੇਸ਼ਾਂ ਵਿੱਚ, ਡਿਜ਼ੀਟਲ ਡਿਵਾਈਸ ਅਜੇ ਵੀ ਇੱਕ ਹਕੀਕਤੀ ਸਪਨਾ ਹਨ। ਇੰਟਰਨੈੱਟ ਅਤੇ ਮੋਬਾਈਲ ਤਕਨੀਕ ਦਾ ਵਿਸਥਾਰ ਜ਼ਰੂਰ ਹੋਇਆ ਹੈ, ਪਰ ਅਜੇ ਵੀ ਕਰੋੜਾਂ ਲੋਕ ਅਜਿਹੇ ਹਨ ਜੋ ਆਨਲਾਈਨ ਮੀਡੀਆ ‘ਤੇ ਨਿਰਭਰ ਨਹੀਂ ਰਹਿ ਸਕਦੇ। ਪ੍ਰਕ੍ਰਿਤਕ ਆਫ਼ਤਾਂ, ਬਾਰਡਰ ਟੈਨਸ਼ਨ ਜਾਂ ਨੀਤੀਗਤ ਬਲੌਕੇਡ ਦੇ ਸਮੇਂ, ਜਦੋਂ ਇੰਟਰਨੈੱਟ ਅਤੇ ਸੈਟੇਲਾਈਟ ਸੰਚਾਰ ਠੱਪ ਹੋ ਜਾਂਦਾ ਹੈ, ਤਦ ਰੇਡੀਓ ਖ਼ਾਸਕਰ ਸ਼ਾਰਟਵੇਵ ਸਭ ਤੋਂ ਭਰੋਸੇਯੋਗ ਮਾਧਿਅਮ ਸਾਬਤ ਹੁੰਦਾ ਹੈ। ਇਸ ਸੰਦਰਭ ਵਿੱਚ, ਸ਼ਾਰਟਵੇਵ ਦਾ ਬੰਦ ਹੋਣਾ ਲੋਕ-ਸੰਚਾਰ ਦੀ ਰਿੜਕ ਹੱਡੀ ਕਮਜ਼ੋਰ ਕਰਨ ਵਾਂਗ ਹੈ।
ਇਹ ਸਵਾਲ ਅਹਿਮ ਹੈ ਕਿ ਜੇ ਰੇਡੀਓ ਨੂੰ ਕੋਈ ਨਹੀਂ ਸੁਣਦਾ, ਤਾਂ ਫਿਰ ਚੀਨ, ਪਾਕਿਸਤਾਨ, ਬੰਗਲਾਦੇਸ ਅਤੇ ਨੇਪਾਲ ਅਜੇ ਵੀ ਰੋਜ਼ਾਨਾ ਮੀਡੀਅਮ ਵੇਵ ਅਤੇ ਸ਼ਾਰਟਵੇਵ ‘ਤੇ ਕਿਉਂ ਪ੍ਰੋਗਰਾਮ ਚਲਾ ਰਹੇ ਹਨ? ਜੇ ਇਹ ਮਾਧਿਅਮ ਮ੍ਰਿਤ ਹੈ ਤਾਂ ਇਹ ਦੇਸ਼ ਇਸ ਨੂੰ ਜਿੰਦਾ ਰੱਖਣ ‘ਤੇ ਕਿਉਂ ਧਿਆਨ ਦੇ ਰਹੇ ਹਨ? ਅਸਲ ਸਚਾਈ ਇਹ ਹੈ ਕਿ ਸ਼ਾਰਟਵੇਵ ਰੇਡੀਓ ਵਿਚਾਰਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਅਤੇ ਵਿਚਾਰ ਬਦਲਣ ਦੀ ਤਾਕਤ ਹੀ ਰਾਜਨੀਤਕ ਅਤੇ ਸੱਭਿਆਚਾਰਕ ਪ੍ਰਭਾਵ ਦੀ ਜੜ੍ਹ ਹੈ।
ਲੋੜ ਇਸ ਗੱਲ ਦੀ ਹੈ ਕਿ ਆਲ ਇੰਡੀਆ ਰੇਡੀਓ ਘੱਟੋ-ਘੱਟ ਦੋ ਉੱਚ-ਤਾਕਤ ਵਾਲੇ ਸ਼ਾਰਟਵੇਵ ਟਰਾਂਸਮਿਟਰ 24 ਘੰਟੇ ਚਾਲੂ ਰੱਖੇ ਅਤੇ ਉਰਦੂ ਸੇਵਾ, ਵਿਵਿਧ ਭਾਰਤੀ ਅਤੇ ਨਾਲ ਨਿਊਜ਼ ਆਨ ਏਅਰ ਨੂੰ ਦੁਬਾਰਾ ਸ਼ਾਰਟਵੇਵ ‘ਤੇ ਪ੍ਰਸਾਰਿਤ ਕਰੇ। ਨਾਲ ਹੀ ਕੁਝ ਸੇਵਾਵਾਂ ਲੰਬੇ ਸਮੇ ਲਈ ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ ਬਰਮਾ, ਅਫਗਾਨਿਸਤਾਨ, ਚੀਨ ਦੇ ਇਲਾਕਿਆਂ ਅਤੇ ਅਰਬ ਖਾੜੀ ਤੱਕ ਰੋਜ਼ਾਨਾ ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਚਲਾਈਆਂ ਜਾ ਸਕਦੀਆਂ ਹਨ। ਪਸ਼ਤੋਂ ਆਦਿ ਚ ਕੁਝ ਚਲਦੀਆਂ ਵੀ ਹਨ, ਪਰ ਕੁਝ ਉਹ ਜਿਆਦਾ ਹੀ ਸੰਖੇਪ ਸਮੇਂ ਦੀਆਂ ਹਨ। ਇਸ ਨਾਲ ਭਾਰਤ ਦੀ ਆਵਾਜ਼ ਦੁਬਾਰਾ ਦੱਖਣ ਏਸ਼ੀਆ ਵਿੱਚ ਨੇਤ੍ਰੀ ਸਥਿਤੀ ਹਾਸਲ ਕਰ ਸਕਦੀ ਹੈ ਅਤੇ ਦੋਸਤੀ, ਸਾਂਝ, ਮਨੁੱਖਤਾ ਅਤੇ ਸੱਭਿਆਚਾਰਕ ਸਮਨਵੈ ਦਾ ਮਜ਼ਬੂਤ ਨੈੱਟਵਰਕ ਦੁਬਾਰਾ ਬਣ ਸਕਦਾ ਹੈ।
ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਦੇਸ਼ ਵਜੋਂ ਭਾਰਤ ਜੇ ਸ਼ਾਰਟਵੇਵ ‘ਤੇ ਵਾਪਸੀ ਕਰਦਾ ਹੈ, ਤਾਂ ਹੋਰ ਦੇਸ਼ਾਂ ਲਈ ਵੀ ਇਹ ਪ੍ਰੇਰਨਾ ਦਾ ਸੰਦੇਸ਼ ਹੋਵੇਗਾ ਅਤੇ ਸੰਭਾਵਨਾ ਹੈ ਕਿ ਦੱਖਣ ਏਸ਼ੀਆ ਚ ਦੁਬਾਰਾ ਸ਼ਾਰਟਵੇਵ ਦਾ ਸੁਨਹਿਰੀ ਦੌਰ ਜੰਮ ਸਕੇ। ਜਿਵੇਂ ਪਹਿਲਾਂ ਰਾਤ ਦੇ ਅੰਨ੍ਹੇਰੇ ਵਿੱਚ ਸਰਹੱਦਾਂ ਦੇ ਦੋਨੋਂ ਪਾਸਿਆਂ ਦੇ ਲੋਕ ਦੂਰ ਦਰਾਜ਼ ਦੀਆਂ ਆਵਾਜ਼ਾਂ ਸੁਣਦੇ ਹੋਏ ਮਨ ਮਿਲਾਉਂਦੇ ਸਨ।
ਇਹ ਸੁਝਾਵ ਕਿਸੇ ਰਾਜਨੀਤਕ ਟਿੱਪਣੀ ਦਾ ਹਿੱਸਾ ਨਹੀਂ, ਬਲਕਿ ਸਿਰਫ਼ ਇੱਕ ਤਕਨੀਕੀ, ਸੱਭਿਆਚਾਰਕ ਅਤੇ ਰਣਨੀਤਕ ਸੱਚਾਈ ਹੈ। ਭਾਰਤ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਸ਼ਾਰਟਵੇਵ ਦੁਬਾਰਾ ਜ਼ਰੂਰੀ ਹੈ।
